27 April 2024

ਲਉ ਜਨਾਬ ਪੇਸ਼ ਹਨ ਗੁਰਸ਼ਰਨ ਸਿੰਘ ਅਜੀਬ ਦੀਆਂ 15 ਗ਼ਜ਼ਲਾਂ !

ਗੁਰਸ਼ਰਨ ਸਿੰਘ ਅਜੀਬ ਦੀਆਂ 15 ਗ਼ਜ਼ਲਾਂ !
(1) ਬਸ਼ਾਰਾਂ ਦਾ ਵਹਾ ਮੇਰੀ ਗ਼ਜ਼ਲ!

ਬਹਿਰ: ਰਮਲ, ਮੁਸੱਦਸ, ਮਹਿਜ਼ੂਫ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਾਇਲਾਤੁਨ + ਫਾਇਲਾਤੁਨ + ਫ਼ਾਇਲੁਨ)
(SISS + SISS + SIS)

o ਗ਼ਜ਼ਲ

ਆਬਸ਼ਾਰਾਂ ਦਾ ਵਹਾ ਮੇਰੀ ਗ਼ਜ਼ਲ।
ਵਾਦੀਆਂ ਦੀ ਇਕ ਘਟਾ ਮੇਰੀ ਗ਼ਜ਼ਲ।

ਛਾਪ ਗੂਡ਼੍ਹੀ ਛੱਡਦੀ ਸਭ ਦੇ ਦਿਲੀਂ,
ਕਾਵਿ ਦੀ ਉੱਤਮ ਹਿਨਾ ਮੇਰੀ ਗ਼ਜ਼ਲ।

ਬਿਨ ਇਦ੍ਹੇ ਜੀਣਾ ਕਠਨ ਹੈ ਦੋਸਤੋ,
ਜਾਨ ਮੇਰੀ ਦਿਲਰੁਬਾ ਮੇਰੀ ਗ਼ਜ਼ਲ।

ਚੱਲਦੀ ਤੋਰੇ ਨਿਰੰਤਰ ਜਿਉਂ ਨਦੀ,
ਪਾਕ ਨਿਰਮਲ ਨਰਬਦਾ ਮੇਰੀ ਗ਼ਜ਼ਲ।

ਸਤਲੁਜੀ ਦਰਿਆ ਕਹਾਂ ਜਾਂ ਮੈਂ ਝਨਾਂ,
ਪਾਣੀਆਂ ਦੀ ਇੰਤਹਾ ਮੇਰੀ ਗ਼ਜ਼ਲ।

ਹੁਸਨ ਦਾ ਜਲਵਾ ਵੀ ਹੈ ਇਸ਼ਕ ਵੀ,
ਇਸ਼ਕ ਦੀ ਸੀਤਲ ਸ਼ੁਆ ਮੇਰੀ ਗ਼ਜ਼ਲ।

ਪ੍ਰੇਮ ਦਾ ਅਭਿਆਸ ਯੋਗਾ ਉਲਫ਼ਤੀ,
ਫ਼ਲਸਫਾ ਹੀ ਫ਼ਲਸਫ਼ਾ ਮੇਰੀ ਗ਼ਜ਼ਲ।

ਹੈ ਨਸ਼ਾ ਬਿਨ ਪੀਤਿਆਂ ਜੋ ਨਿਤ ਚਡ਼੍ਹੇ,
ਮੈਅਕਦਾ ਹੀ ਮੈਅਕਦਾ ਮੇਰੀ ਗ਼ਜ਼ਲ।

ਕਮ ਨਾ ਇਹ ਵਿਸਕੀ ਬਰਾਂਡੀ ਤੋਂ ਰਤਾ,
ਬਾਸਰੂਰੀ ਹੈ ਨਸ਼ਾ ਮੇਰੀ ਗ਼ਜ਼ਲ।

ਬਿਨ ਅਰੂਜ਼ੋਂ ਦੋਸਤੋ ਤੁਰਦੀ ਨਹੀਂ,
ਬੇਵਫ਼ਾ ਨਾ! ਬਾਵਫ਼ਾ ਮੇਰੀ ਗ਼ਜ਼ਲ।

ਆਖਦਾਂ ਸਭ ਦੇ ਭਲ਼ੇ ਖ਼ਾਤਰ ਸਦਾ,
ਲੋਚਦੀ ਸਭ ਦਾ ਭਲ਼ਾ ਮੇਰੀ ਗ਼ਜ਼ਲ।

ਬੇਸਹਾਰੇ ਦਾ ਸਹਾਰਾ ਜੋ ਬਣੀ,
ਆਸਰਾ ਪੁਰ-ਆਸਰਾ ਮੇਰੀ ਗ਼ਜ਼ਲ।

ਮੈਂ ਨਾ ਮਰ ਕੇ ਵੀ ਕਹਾਂਗਾ ਅਲਵਿਦਾ,
ਆਖਦੀ ਨਾ ਅਲਵਿਦਾ ਮੇਰੀ ਗ਼ਜ਼ਲ।

ਦਰਦੇ-ਦਿਲ ਮੇਰੇ ਦਾ ਯਾਰੋ ਹੈ ਇਲਾਜ,
ਦਰਦ ਦਿਲ ਦੇ ਦੀ ਦਵਾ ਮੇਰੀ ਗ਼ਜ਼ਲ।

ਹੀਰ ਇ੍ਹ ਸੱਸੀ ਵੀ ਇਹ ਮੀਰਾਂ ਵੀ ਇਹ,
ਇਸ਼ਕ ਦੀ ਸੁੱਚੀ ਅਦਾ ਮੇਰੀ ਗ਼ਜ਼ਲ।

ਇਸ਼ਕ ਇਸ ਦੇ ਨਾਲ ਮੈਨੂੰ ਹੋ ਗਿਆ,
ਸੂਖ਼ਮੀ ਕੋਮਲ ਕਲ਼ਾ ਮੇਰੀ ਗ਼ਜ਼ਲ।

ਦਿਨਬਦਿਨ ਇ੍ਹ ਛੂਹ ਰਹੀ ਹੈ ਆਸਮਾਂ,
ਹੈ ਤਰੱਕੀ-ਯਾਫ਼ਤਾ ਮੇਰੀ ਗ਼ਜ਼ਲ।

ਏਸ ਤੋਂ ਸੁੰਦਰ ਸਿਨਫ਼ ਨਾ ਹੋਂਦ ਵਿਚ,
ਖ਼ੂਬਸੂਰਤ ਹੈ ਵਿਧਾ ਮੇਰੀ ਗ਼ਜ਼ਲ।

ਰਾਤ ਦਿਨ ਕੀ ਹਰ ਸਮੇਂ ਕਰਦਾ ਰਹਾਂ,
ਬੰਦਗੀ ਹੈ! ਸਾਧਨਾ ਮੇਰੀ ਗ਼ਜ਼ਲ।

ਆਜ਼ਮਾਵੇ ਇਹ ਸਦਾ ‘ਗੁਰਸ਼ਰਨ’ ਨੂੰ,
ਇਮਤਿਹਾਂ ਡਾਢਾ ਮਿਰਾ ਮੇਰੀ ਗ਼ਜ਼ਲ।

ਏਸ ਬਿਨ ਆਵੇ ‘ਅਜੀਬਾ’ ਚੈਨ ਨਾ,
ਰੋਜ਼ ਦੀ ਮੇਰੀ ਸ਼ਫ਼ਾ ਮੇਰੀ ਗ਼ਜ਼ਲ।
***

(2) ਅਦਾਵਤ ਮੈਂ ਨਹੀਂ ਕਰਦਾ ਮੁਹੱਬਤ ਪਿਆਰ ਕਰਦਾ ਹਾਂ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS + ISSS + ISSS)

o ਗ਼ਜ਼ਲ

•ਅਦਾਵਤ ਮੈਂ ਨਹੀਂ ਕਰਦਾ ਮੁਹੱਬਤ ਪਿਆਰ ਕਰਦਾ ਹਾਂ।
ਰਹਾਂ ਘਿਰਣਾ ਤੋਂ ਕੋਹਾਂ ਦੂਰ ਦਾ ਇਜ਼ਹਾਰ ਕਰਦਾ ਹਾਂ।

ਪਰਾਣੀ ਧਰਤ ਦੇ ਸਾਰੇ ਹੀ ਮੈਨੂੰ ਇੱਕ ਨੇ ਲਗਦੇ,
ਮੈਂ ਸਭ ਦਾ ਇਕ ਬਰਾਬਰ ਹੀ ਦਿਲੋਂ ਸਤਿਕਾਰ ਕਰਦਾ ਹਾਂ।

ਨਹੀਂ ਉੱਚਾ ਕੋਈ ਜਗ ‘ਤੇ ਤੇ ਨਾ ਹੀ ਹੈ ਕੋਈ ਨੀਵਾਂ,
ਮੈਂ ਤੋਲਾਂ ਸਭ ਨੂੰ ਇਕ ਤਕਡ਼ੀ ‘ਚ ਇਹ ਵਾਪਾਰ ਕਰਦਾ ਹਾਂ।

ਨਾ ਮਾਡ਼ਾ ਹੈ ਕੋਈ ਹਿੰਦੂ ਮੁਸਲਮਾਂ ਸਿਖ ਈਸਾਈ ਹੀ,
ਮੈਂ ਸਭ ਸੰਗ ਦੋਸਤੋ ਇੱਕੋ ਜਿਹਾ ਵਿਵਹਾਰ ਕਰਦਾ ਹਾਂ।

ਮੈਂ ਨਾਨਕ ਨੂੰ ਸਹੀ ਆਖਾਂ ਨਾ ਮਾਡ਼ਾ ਰਾਮ ਨੂੰ ਆਖਾਂ,
ਮੁਹੰਮਦ ਜੀਜ਼ਜ਼ ਨੂੰ ਸਜਦੇ ਵੀ ਸੌ ਸੌ ਵਾਰ ਕਰਦਾ ਹਾਂ।

ਲੁਕਾਈ ਰੱਬ ਦੀ ਸਾਜੀ ਨੂੰ ਮਾਡ਼ਾ ਨਾ ਕਹਾਂ ਭੁਲ ਕੇ,
ਭਲਾਈ ਸੱਭ ਦੀ ਲੋਚਾਂ, ਸਦਾ ਉਪਕਾਰ ਕਰਦਾ ਹਾਂ।

ਕਿ ਇਕ ਦਾਣਾ ਵੀ ਪੈਦਾ ਕਰਨ ਨੂੰ ਜਾਵਣ ਮਹੀਨੇ ਬੀਤ,
ਕਦੇ ਵੀ ਦੁਰਵਰਤੋਂ ਅੰਨ ਦਾ ਨਾ ਭੁਲ ਕੇ ਯਾਰ ਕਰਦਾ ਹਾਂ।

‘ਅਜੀਬਾ’ ਸਿੱਖ ਹਾਂ ਭਾਂਵੇਂ ਮੈਂ ਹਾਂ ਇਨਸਾਨ ਵੀ ਪਹਿਲੋਂ,
ਮਨੁਖਤਾ ਦੀ ਕਰਾਂ ਸੇਵਾ ਨਾ ਅਤਿਆਚਾਰ ਕਰਦਾ ਹਾਂ।

ਗ਼ਜ਼ਲ ਸੰਗ ਇਸ਼ਕ ਹੈ ਮੈਨੂੰ ‘ਅਜੀਬਾ’ ਨਾ ਰਹਾਂ ਇਸ ਬਿਨ,
ਮੈਂ ਸੁੱਤੇ ਜਾਗਦੇ ਰਚਦਾਂ ਗ਼ਜ਼ਲ-ਪ੍ਰਚਾਰ ਕਰਦਾ ਹਾਂ।

•ਅਦਾਵਤ: ਘਿਰਣਾ / ਦੁਸ਼ਮਣੀ
***

(3) ਮਗ਼ਮੂਮ ਹੋ ‘ਗੁਰਸ਼ਰਨ’ ਨਾ ਦੁਖ ਗ਼ਮ ਵਿਸਾਰ ਦੇ!

ਬਹਿਰ: ਰਜਜ਼, ਮੁਸੱਦਸ, ਅਖ਼ਰਬ
ਅਰਕਾਨ : ਇਕ ਮਿਸਰੇ ਵਿਚ ਇਕ ਵਾਰ
(ਮੁਸਤਫ਼ਇਲੁਨ + ਮੁਸਤਫ਼ਇਲੁਨ + ਮੁਸਤਫ਼ਇਲੁਨ + ਇਲੁਨ)
(SSIS + SSIS + SSIS + IS)

o ਗ਼ਜ਼ਲ

•ਮਗ਼ਮੂਮ ਹੋ ‘ਗੁਰਸ਼ਰਨ’ ਨਾ ਦੁਖ ਗ਼ਮ ਵਿਸਾਰ ਦੇ।
ਸਭ ਭੁਲ ਭੁਲਾ ਸ਼ਿਕਵੇ ਗਿਲੇ ਹਉਮੇ ਨੂੰ ਮਾਰ ਦੇ।

ਗ਼ੁੱਸਾ ਗਿਲ਼ਾ ਨਾਰਾਜ਼ਗੀ ਕਰਿਆ ਨਾ ਕਰ ਕਦੀ,
ਜਿੰਨਾ ਵੀ ਦੇ ਸਕਦਾ ਹੈਂ ਤੂੰ ਸਭ ਨੂੰ ਹੀ ਪਿਆਰ ਦੇ।

ਦੇਵੀਂ ਜਾਂ ਨਾ ਦੇਵੀਂ ਖ਼ੁਦਾ ਪੈਸਾ ਜਾਂ ਦੌਲ਼ਤਾਂ,
ਰੋਟੀ ਮਕਾਂ ਪਰ ਕੱਪਡ਼ਾ ਪਰਵਰਦਿਗਾਰ ਦੇ।

ਕੀਤਾ ਅਸਾਂ ਨੇ ਪਿਆਰ ਹੈੈ ਦਿਲਦਾਰ ਜਾਣ ਕੇ,
ਨਾਪਾਕ ਨਾ ਸਮਝੀਂ ਸਨਮ ਬਦਲੇ ‘ਚ ਪਿਆਰ ਦੇ।

ਮੰਗੇ ਸਨਮ ਨਿਤ ਪਿਆਰ ਦੇ ਬਦਲੇ ਜੇ ਪਿਆਰ ਹੀ,
ਜੇ ਕਰ ਸਕੇਂ ਖ਼ੁਦ ਨੂੰ ਸਨਮ ਤੋਂ ਕਰ ਨਿਸਾਰ ਦੇ।

ਮੁਸ਼ਕਲ ਨਿਭਾਉਣੇ ਹਨ ਬਡ਼ੇ ਕੀਤੇ ਜੋ ਕੌਲ਼ ਸਨ,
ਕੀਤੇ ਜੋ ਸਨ ਵਾਦੇ ਕਦੇ ਕਰ ਪੂਰੇ ਯਾਰ ਦੇ।

ਫੱਸੇ ਕਿਸੇ ਦੀ ਨਾਵ ਜੇ ਜੀਵਨ ਦੇ ਸਾਗਰੀਂ,
ਹੱਥਾਂ ‘ਚ ਫਡ਼ ਚੱਪੂ ‘ਅਜੀਬਾ’ ਇਸ ਨੂੰ ਤਾਰ ਦੇ।

ਵੱਟੇ ਮੁਹੱਬਤ ਦੇ ਸਦਾ ‘ਗੁਰਸ਼ਰਨ’ ਵੰਡ ਨਿਹੁੰ,
ਚਾਹੇ ਨਗਦ ਵਿਚ ਮੋਡ਼ ਜਾਂ ਫਿਰ ਵਿਚ ਉਧਾਰ ਦੇ।

ਦਿਲ ਕਰ ਰਿਹਾ ‘ਗੁਰਸ਼ਰਨ’ ਅਜ ਆਖਣ ਨੂੰ ਨਵ-ਗ਼ਜ਼ਲ,
ਨਗ਼ਮੇ-ਮੁਹੱਬਤ ਕਢ ਦਿਲੋਂ ਇਸ ਵਿਚ ਉਤਾਰ ਦੇ।

•ਮਗ਼ਮੂਮ: ਉਦਾਸ / ਉਚਾਟ
***

(4) ਨਿਗਾਹਾਂ ਸ਼ੋਖ਼ ਮੁਖ ਸੁੰਦਰ ਤਿਰਾ ਰੰਗ ਕਿਰਮਚੀ ਹੈ!

ਬਹਿਰ: ਹਜ਼ਜ, ਮੁਸੱਮਨ, ਮਹਿਜ਼ੂਫ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਫ਼ਊਲੁਨ)
(ISSS + ISSS + ISSS + ISS)

o ਗ਼ਜ਼ਲ

ਨਿਗਾਹਾਂ ਸ਼ੋਖ਼ ਮੁਖ ਸੁੰਦਰ ਤਿਰਾ ਰੰਗ ਕਿਰਮਚੀ ਹੈ।
ਰਵੀ ਬਣ ਚਮਕਦੈਂ ਚਿਹਰਾ ਤਿਰਾ ਸੂਰਜਮੁਖੀ ਹੈ।

ਸੂਬ੍ਹਾ ਦੀ ਕਿਰਨ ਮੈਂ ਆਖਾਂ ਜਾਂ ਲਾਲੀ ਸ਼ਾਮ ਦੀ ਹੀ,
ਤਿਰਾ ਮਸਤਕ ਨੂਰਾਨੀ ਜਾਪਦਾ ਚੰਨ ਪੁਰਨਮੀ ਹੈ।

ਰਹੇ ਖਿਡ਼ਿਆ ਹਮੇਸ਼ਾਂ ਹੀ ਤਿਰਾ ਚਿਹਰਾ ਕੰਵਲ ਵਾਂਗਰ,
ਨਾ ਮੁਖ ‘ਤੇ ਹੈ ਉਦਾਸੀ ਨਾ ਗ਼ਮੀ ਬਸ ਹੀ ਖ਼ੁਸ਼ੀ ਹੈ।

ਨਿਰਾਲਾ ਰੰਗ-ਢੰਗ ਤੇਰਾ ਵੀ ਉਠਣਾ ਬੈਠਣਾ ਵੀ,
ਤਿਰੀ ਹਰ ਬਾਤ ਹੋਰਾਂ ਤੋਂ ਅਲਗ ਵੀ ਅਜਨਬੀ ਹੈ।

ਕਹੇਂ ਜੋ ਕਰ ਵਿਖਾਏਂ ਨਾ ਕਰੇਂ ਇਕਰਾਰ ਝੂਠੇ,
ਤਿਰੀ ਹਰ ਬਾਤ ਵਿਚ ਉਪਮਾਂ ਭਰੀ ਸ਼ਬਦਾਵਲ਼ੀ ਹੈ।

ਰਹੇਂ ਪੁਰ ਸ਼ਾਂਤ ਹਰ ਵੇਲ਼ੇ ਤੂੰ ਕੋਹਾਂ ਦੂਰ ਗ਼ੁੱਸੇ ਤੋਂ,
ਤਿਰੀ ਫ਼ਿਤਰਤ ਅਤੀ ਕੋਮਲ ਮੁਲਾਇਮ ਮਖ਼ਮਲ਼ੀ ਹੈ।

ਮਿਲੇ ਰੋਟੀ ਰਿਹਾਇਸ਼ ਨਾ ਤੇ ਨਾ ਰੁਜ਼ਗਾਰ ਹੀ ਕੋਈ,
ਕਹੇ ਹਾਕਮ ਵਤਨ ਵਿਚ ਹੋ ਰਹੀ ਪਰ ਪ੍ਰਗਤੀ ਹੈ।

ਮਿਰੀ •ਕੂੰਜਾਂਵਲੀ •ਪੁਸ਼ਪਾਂਜਲੀ •ਗ਼ਜ਼ਲਾਂਜਲੀ ਮਗਰੋੋਂ,
ਮਿਰੀ •ਰਮਜ਼ਾਂਵਲ਼ੀ ਤੇ •ਬੰਦਗੀ ਵੀ ਬੰਦਗੀ ਹੈ।

ਹਾਂ ਅਜ ਮੈਂ ਵਰਤਮਾਂ ਕੱਲ੍ਹ ਨੂੰ ਬਣਾਂਗਾ ਗੁਜ਼ਰਿਆ ਕੱਲ੍ਹ,
ਮਿਰੀ ਓਕਾਤ ਬਸ ਏਨੀ ਹੀ ਮੇਰੀ ਜ਼ਿੰਦਗੀ ਹੈ।

ਹਾਂ ਦੀਵਾਨਾ ਗ਼ਜ਼ਲ ਦਾ ਮੈਂ ਰਹਾਂਗਾ ਮਰਨ ਤੀਕਰ,
ਤਿਰੀ ਫ਼ਿਤਰਤ ‘ਅਜੀਬਾ’ ਹੀ ਤਿਰੀ ਦੀਵਾਨਗੀ ਹੈ।

•ਕੂੰਜਾਂਵਲੀ •ਪੁਸ਼ਪਾਂਜਲੀ •ਗ਼ਜ਼ਲਾਂਜਲੀ
•ਰਮਜ਼ਾਂਵਲ਼ੀ •ਬੰਦਗੀ: ਲੇਖਕ ਦੇ ਗ਼ਜ਼ਲ ਸੰਗ੍ਰਿਹਾਂ ਦੇ ਨਾਮ
***

(5) ਉਹ ਲੈ ਕੇ ਆਪਣਾ ਛੋਟਾ ਜਿਹਾ ਪਰਿਵਾਰ ਬੈਠਾ ਏ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS + ISSS + ISSS)

o ਗ਼ਜ਼ਲ

ਉਹ ਲੈ ਕੇ ਆਪਣਾ ਛੋਟਾ ਜਿਹਾ ਪਰਿਵਾਰ ਬੈਠਾ ਏ।
ਕਿ ਵਿਹਡ਼ੇ ਆਪਣੇ ਵਿਚਕਾਰ ਸਾਹਿਤਕਾਰ ਬੈਠਾ ਏ।

ਖ਼ੁਸ਼ੀ ਮੇਰੀ ਦੀ ਹਦ ਕੋਈ ਨਾ ਜਦੋਂ ਖ਼ੁਸ਼ ਵੇਖਦਾਂ ਉਸ ਨੂੰ,
ਕਿ ਘਰ ਅਪਣੇ ‘ਚ ਹੀ ਖ਼ੁਸ਼ ਉਹ ਮਿਰੀ ਸਰਕਾਰ ਬੈਠਾ ਏ।

ਕਮਾਈ ਹੱਕ ਦੀ ਕਰਦੈ ਨਾ ਲੈਂਦੈ ਰਿਸ਼ਵਤਾਂ ਤਮਗ਼ੇ,
ਕਿ ਲਾਲੋ ਹੀ ਜਿਹਾ ਉੱਚਾ ਉਹ ਬਣ ਕਿਰਦਾਰ ਬੈਠਾ ਏ।

ਨਾ ਲੋਭੀ ਹੈ ਨਾ ਇਲ਼ਤੀ ਹੈ ਠਰੰਮੇ ਵਾਲਡ਼ਾ ਬੰਦੈ,
ਨਾ ਮਾਲਕ ਪੈਲ਼ੀਆਂ ਦਾ ! ਬਣ ਕਿਰਾਏਦਾਰ ਬੈਠਾ ਏ।

ਸਦਾ ਹੀ ਸਹਿਜ ਵਿਚ ਰਹਿੰਦੈ ਕਰੇ ਉਹ ਰੱਬ ਦਾ ਸਿਮਰਨ,
ਕਿ ਬਣ ਪਰਮਾਤਮਾ ਦਾ ਹੀ ਉਹ ਖ਼ਿਦਮਤਦਾਰ ਬੈਠਾ ਏ।

ਕਰੇ ਨਾ ਵਿਤਕਰਾ ਕੋਈ ਕਿਸੇ ਦੇ ਨਾਲ ਉਹ ਭੁਲ ਕੇ,
ਭਲ਼ਾ ਸਰਬੱਤ ਦਾ ਲੋਚੇ ਮੁਹੱਬਤਕਾਰ ਬੈਠਾ ਏ।

ਉਹ ਵੰਡੇ ਮਹਿਕ ਏਕੇ ਦੀ ਰਹੇ ਕਰਦਾ ਇਕੱਠੇ ਲੋਕ,
ਨਾ ਪਾਵੇ ਵੰਡੀਆਂ ਬਣ ਕੇ ਉਹ ਇਜ਼ੱਤਦਾਰ ਬੈਠਾ ਏ।

ਨਜ਼ਰ ਲੱਗੇ ਨਾ ਉਸ ਨੂੰ ਹੈ ਦੁਆ ਮੇਰੀ ਮਿਰੇ ਮੌਲ਼ਾ,
ਕਰੇ ਉਪਕਾਰ ਲੋਕਾਂ ‘ਤੇ ਜਿਵੇਂ ਕਰਤਾਰ ਬੈਠਾ ਏ।

ਰਚੇ ਗ਼ਜ਼ਲਾਂ ਕਤੇ ਮਿਸਰੇ ਰੁਬਾਈਆਂ ਤੇ ਉਹ ਕਵਿਤਾਵਾਂ,
ਅਦਬ ਦਾ ਫੇਰ ਵੀ ਬਣ ਕੇ ਨਾ ਲੰਬਡ਼ਦਾਰ ਬੈਠਾ ਏ।

ਕਰਾਂ ਮੈਂ ਗ਼ੁਫ਼ਤਗੂ ਉਸ ਨਾਲ਼ ਨਾ ਜੋ ਪੀਰ ਪੈਸੇ ਦਾ,
ਵੀ ਮਤਲਬਖ਼ੋਰ ਜੋ ਪੱਕਾ ਤੇ ਬਣ ਖ਼ੁੱਦਾਰ ਬੈਠਾ ਏ।

ਕਹਾਂ ਉਸ ਨੂੰ ‘ਅਜੀਬਾ’ ਕੀ ਜੋ ਰਹਿੰਦੈ ਮਸਤ ਲਿਖਣੇ ਵਿਚ,
ਭਲ਼ਾ ਸਾਹਿਤ ਦਾ ਕਰਦਾ ਵੀ ਨਾ ਬਣ ਸਰਦਾਰ ਬੈਠਾ ਏ।

ਨਾ ਕਰ ਤੂੰ ਮਾਨ ‘ਗੁਰਸ਼ਰਨਾ’ ਵੀ ਸ਼ਾਇਰੀ ਆਪਣੀ ਉੱਤੇ,
ਤਿਰੇ ਵਰਗਾ ਭਵਾਂ ਛਪਵਾ ਕਿਤਾਬਾਂ ਚਾਰ ਬੈਠਾ ਏ।

ਕਰੇ ਰਾਖੀ ਪੰਜਾਬੀ ਅਦਬ ਦੀ ਉਹ ਰਚ ਕੇ ਨਿਤ ਗ਼ਜ਼ਲਾਂ,
‘ਅਜੀਬਾ’ ਬਣ ਜੋ ਮਾਂ-ਬੋਲੀ ਦਾ ਪਹਿਰੇਦਾਰ ਬੈਠਾ ਏ।
***

(6) ਸਾਂ ਲਾਡਲੇ ਪੁਤ ਮਾਂ ਦੇ ਹਾਂ ਦਿਲਗੀਰ ਹੋ ਗਏ।

ਬਹਿਰ: ਰਜਜ਼, ਮੁਸੱਦਸ, ਅਖ਼ਰਬ
ਅਰਕਾਨ : ਇਕ ਮਿਸਰੇ ਵਿਚ ਇਕ ਵਾਰ
(ਮੁਸਤਫ਼ਇਲੁਨ + ਮੁਸਤਫ਼ਇਲੁਨ + ਮੁਸਤਫ਼ਇਲੁਨ + ਇਲੁਨ)
(SSIS + SSIS + SSIS + IS)

o ਗਜ਼ਲ

ਸਾਂ ਲਾਡਲੇ ਪੁਤ ਮਾਂ ਦੇ ਹਾਂ ਦਿਲਗੀਰ ਹੋ ਗਏ।
ਸ਼ਾਦੀ-ਸ਼ੁਦਾ ਹੋ ਕੇ ਹਾਂ ਸਿੱਧੇ ਤੀਰ ਹੋ ਗਏ।

ਜਦ ਤੋਂ ਲਿਆ ਕਰ ਸੰਗ ਤਿਰੇ ਆਪਾਂ ਨੇ ਹੈ ਵਿਆਹ,
ਤਦ ਤੋਂ ਅਮਾਨਤ ਹੀ ਤਿਰੀ ਜਾਗੀਰ ਹੋ ਗਏ।

ਲੈਣਾ ਨਾ ਦੇਣਾ ਰੱਖਿਆ ਅਜ ਕਲ ਕਿਸੇ ਦੇ ਨਾਲ਼,
ਤਨਮਨ ਦਿਲੋਂ ਰੂਹੋਂ ਹੀ ਹਾਂ ਫ਼ੱਕੀਰ ਹੋ ਗਏ।

ਗਾਲ਼ੀ ਤੂੰ ਸਾਰੀ ਜਿੰਦ ਹੈ ਸਾਡੇ ਮੁਫ਼ਾਦ ਲਈ,
ਇਸ ਵਾਸਤੇ ਹੀ ਹਾਂ ਤਿਰੀ ਤਕਦੀਰ ਹੋ ਗਏ।

ਅਚਕਣਾਂ-ਸ਼ੇਰਵਾਨੀਆਂ ਬੀਤੇ ਸਮੇਂ ਦੀ ਬਾਤ,
ਹਾਲਾਤ ਬਦਤਰ ਨੇ ਜੋ ਲੀਰੋ ਲੀਰ ਹੋ ਗਏ।

ਕਰ ਕਰ ਕੇ ਪਾਡ਼੍ਹੇ ਡਿਗਰੀਆਂ ਕਛਦੇ ਨੇ ਗਲੀਆਂ ਰੋਜ਼,
ਨੇਤਾ ਬਣੇ ਜੋ ਲੋਕ ਸੱਭ ਅਮੀਰ ਹੋ ਗਏ।

ਇਲ ਦਾ ਜੋ ਕੋਕੋ ਨਾਮ ਤਕ ਵੀ ਜਾਣਦੇ ਨਾ ਸੀ,
ਅਜ ਕਲ ਦੇ ਪੁੱਛਾਂ ਝੂਠੀਆਂ ਹੀ ਪੀਰ ਹੋ ਗਏ।

‘ਗੁਰਸ਼ਰਨ ਸਿੰਘਾ’ ਸਾਂ ਬਡ਼ੇ ਹੀ ਮੌਜ-ਮਸਤੀ ਵਿਚ,
ਮਾਰੀ ਕਰੋਨੇ ਮਾਰ ਕੇ ਹਾਂ •ਅਕਸੀਰ ਹੋ ਗਏ।

ਕਹਿ ਕਹਿ ‘ਅਜੀਬਾ’ ਨਿਤ ਗ਼ਜ਼ਲ ਕੀਤੈ ਨਿਹਾਲ ਮਨ,
ਸਿਖਸ਼ਕ-ਗ਼ਜ਼ਲ ਸਾਂ ਹੁਣ ਗ਼ਜ਼ਲ-ਤਾਸੀਰ ਹੋ ਗਏ।

•ਅਕਸੀਰ: ਮੱਦਦਗਾਰ / ਸੇਵਾਦਾਰ
***

(7) ਬਦਲੇ ਬਦਲੇ ਲਗਦੇ ਹੋ ਸਰਕਾਰ ਤੁਸੀਂ!

ਬਹਿਰ: ਮੁਤਦਾਰਿਕ, ਮੁਅੱਸ਼ਰ, ਮਕਤੂਅ,ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ੇਲੁਨ+ਫ਼ੇਲੁਨ +ਫ਼ੇਲੁਨ +ਫ਼ੇਲੁਨ+ਫ਼ੇਲੁਨ+ਫ਼ੇ)
(SS +SS + SS + SS + SS + S)

੦ ਗ਼ਜ਼ਲ

ਬਦਲੇ ਬਦਲੇ ਲਗਦੇ ਹੋ ਸਰਕਾਰ ਤੁਸੀਂ।
ਪੁਰ-ਜੋਬਨ ਦੇ ਭਖ਼ਦੇ ਹੋ ਅੰਗਾਰ ਤੁਸੀਂ।

ਅੰਬਰ ਟਾਕੀ ਲਾਉਣਾ ਕਾਰੋਬਾਰ ਤਿਰਾ,
ਕਰ ਜਾਂਦੇ ਹੋ ਦਿਸ-ਹੱਦੇ ਵੀ ਪਾਰ ਤੁਸੀਂ।

ਆਖਾਂ ਖ਼ੰਜਰ ਜਾਂ ਤੈਨੂੰ ਕੱਟਾਰ ਕਹਾਂ,
ਕਰ ਦੇਵੋ ਜੋ ਘਾਇਲ਼ ਹੋ ਹਥਿਆਰ ਤੁਸੀਂ।

ਨੈਣ ਤੁਹਾਡੇ ਛੁਰੀਆਂ ਤੋਂ ਵੀ ਤਿੱਖੇ ਨੇ,
ਇੱਕ ਨਜ਼ਰ ਸੰਗ ਹੀ ਦਿੰਦੇ ਹੋ ਮਾਰ ਤੁਸੀਂ।

ਨਾਦਾਂਅ ਕਮਸੀਂ ਨਾਜ਼ੁਕ ਹੋ ਦਿਲਦਾਰ ਮਿਰੇ,
ਕਰ ਜਾਂਦੇ ਹੋ ਚੁੱਪ ਚੁਪੀਤੇ ਵਾਰ ਤੁਸੀਂ।

ਪ੍ਰੇਮ-ਪੁਜਾਰੀ ਆਪਾਂ ਸੱਚੇ ਆਸ਼ਕ ਹਾਂ,
ਅਜ਼ਮਾ ਕੇ ਇਕ ਵਾਰ ਤਾਂ ਵੇਖੋ ਯਾਰ ਤੁਸੀਂ।

ਸੌ ਵਾਰੀ ਜਦ ਭੀਖ਼ ਨਿਹੁੰ ਦੀ ਮੰਗਾਂ ਤਦ,
ਕਰ ਦੇਂਦੇ ਹਰ ਵਾਰੀ ਹੋ ਇਨਕਾਰ ਤੁਸੀਂ।

ਦੂਰ ਰਹਾਂ ਤੈਥੋਂ ਮੈਂ ਇਹ ਮਨਜ਼ੂਰ ਨਹੀਂ,
ਜਾਨ ਮਿਰੀ ਹੋ ਜਿੰਦ ਸਨਮ ਰੂਹਦਾਰ ਤੁਸੀਂ।

ਨੈਣ ਬਲੌਰੀ ਹੁਸਨ ਪਿਸ਼ੌਰੀ ਨਾਂ ਲਾਹੌਰੀ,
ਕਰ ਦੇਂਦੀ ਜੋ ਕਤਲ ਹੋ ਉਹ ਤਲਵਾਰ ਤੁਸੀਂ।

ਆਪ ਬਿਨਾਂ ਦਿਲ ਲਗਦਾ ਨਾ ਮਨ ਟਿਕਦਾ ਨਾ,
ਖੁਸ਼ੀਆਂ ਦਾ ਹੋ ਖੇਡ਼ਾ ਜਾਂ ਗੁਲਜ਼ਾਰ ਤੁਸੀਂ।

ਤਰਲੇ ਮਿਨਤਾਂ ਪਾਵਣ ਤੇ ਵੀ ਮੰਨਦੇ ਨਾ,
ਕੇਸ ਕਿਸਮ ਦੇ ਜਾਨਮ ਹੋ ਕਿਰਦਾਰ ਤੁਸੀਂ।

ਆਪ ਬਿਨਾਂ ਨਾ ਹੋਵਣ ਸੰਪਨ ਕਾਜ ਮਿਰੇ,
ਕਾਵਿ ਮਿਰੇ ਦੀ ਸੀਮਾ ਹੋ ਸਰਕਾਰ ਤੁਸੀਂ।

ਤਨ ਮਨ ਮੇਰਾ ਨਾਲ਼ ਖੁਸ਼ੀ ਦੇ ਮਹਿਕੇਗਾ,
ਆਣ ਮਿਲੇ ਜਦ ਹੋ ਕੇ ਪੱਬਾਂ ਭਾਰ ਤੁਸੀਂ।

ਮੇਰੇ ਮਨ ਨੂੰ ਚੈਨ ਮਿਲੇਗਾ ਤੱਦ, ਜਦੋਂ,
ਪਾਵੇਗੋ ਗਲ਼ ਬਾਹਾਂ ਦਾ ਜਦ ਹਾਰ ਤੁਸੀਂ।

ਮੁਰਸ਼ਦ ਆਖਾਂ ਪੀਰ ਜਾਂ ਆਖਾਂ ਰਬ ਤੈਨੂੰ,
‘ਗੁਰਸ਼ਰਨਾ’ ਹੋ ਮੇਰੇ ਮਹਿਰਮ-ਯਾਰ ਤੁਸੀਂ।

ਆਪ ਬਿਨਾਂ ‘ਗੁਰਸ਼ਰਨ’ ਦਾ ਜੀਣਾ ਨਾਮੁਮਕਿਨ,
ਬਣ ਕੇ ਵੇਖੋ ਮੀਤ ਮਿਰੇ ਦਿਲਦਾਰ ਤੁਸੀਂ।
***

(8) ਗ਼ਜ਼ਲ ਅਪਣੀ ‘ਚ ਰੂਹ-ਭਿੱਜੇ ਸਦਾ ਜਜ਼ਬਾਤ ਲਿਖਦਾ ਹਾਂ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫਾਈਲੁਨ + ਮੁਫਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS + ISSS + ISSS)

੦ ਗ਼ਜ਼ਲ

ਗ਼ਜ਼ਲ ਅਪਣੀ ‘ਚ ਰੂਹ-ਭਿੱਜੇ ਸਦਾ ਜਜ਼ਬਾਤ ਲਿਖਦਾ ਹਾਂ।
ਮੈਂ ਹਰ ਪਲ਼ ਹਰ ਘਡ਼ੀ ਹਰਦਮ ਦਿਨੇ ਤੇ ਰਾਤ ਲਿਖਦਾ ਹਾਂ।

ਗ਼ਜ਼ਲ ਦਾ ਸ਼ਬਦ ਹਰ ਤੋਲਾਂ ਅਨੇਕਾਂ ਵਾਰ ਹੀ ਬੋਲਾਂ,
ਬਣੇ ਜੋ ਲਿਖਤ ਅਤਿ ਸੁੰਦਰ ਮਿਰੇ ਹਜ਼ਰਾਤ ਲਿਖਦਾ ਹਾਂ।

ਗ਼ਜ਼ਲ ਸੂਖ਼ਮ ਕਲ਼ਾ ਯਾਰੋ ਜੋ ਲੋਡ਼ੇ ਸੂਖ਼ਮ ਹੀ ਸ਼ਾਇਰੀ,
ਮੈਂ ਇਸ ਵਿਚ ਸੂਖ਼ਮੀ ਕੋਮਲ ਸਦਾ ਨਗ਼ਮਾਤ ਲਿਖਦਾ ਹਾਂ।

ਗ਼ਜ਼ਲ ਮੇਰੀ ਸਲਾਸਤ ਤੇ ਨਫ਼ਾਸਤ ਦੀ ਹੀ ਵੀਣਾ ਹੈ,
ਮੈਂ ਇਸ ਵਿਚ ਸਭ ਵਿਸ਼ੇ ਪਹਿਲੂ ਤੇ ਸਭ ਮਸਲਾਤ ਲਿਖਦਾ ਹਾਂ।

ਰਿਹਾ ਕੀ ਹੋ ਹੈ ਦੁਨੀਆ ਵਿਚ ਤੇ ਕੀ ਕੀ ਕਰ ਰਿਹੈ ਮਾਨਵ,
ਘੁਟਾਲ਼ੇ ਚੋਰੀਆਂ ਡਾਕੇ ਗ਼ਬਨ ਅਰਥਾਤ ਲਿਖਦਾ ਹਾਂ।

ਛੁਪਾਵਾਂ ਸੱਚ ਨਾ ਭੁਲ ਕੇ ਕਰਾਂ ਨੰਗਾ ਬੁਰਾਈ ਨੂੰ,
ਮੈਂ ਹਕ ਤੇ ਸੱਚ ਦੀ ਆਵਾਜ਼ ਹਰ ਇਕ ਬਾਤ ਲਿਖਦਾ ਹਾਂ।

ਨਾ ਮੇਰੀ •ਸ਼ਾਦਮਾਨੀ ਤੇ ਕੋਈ ਭੀ ਸ਼ਾਦ ਹੈ ਯਾਰੋ,
ਮੈਂ ਹਰ ਇਕ ਦਾ ਭਲ਼ਾ ਲੋਚਾਂ ਤੇ ਕਰ ਖ਼ਿਦਮਾਤ ਲਿਖਦਾ ਹਾਂ।

ਨਾ ਰੱਖਾਂ ਦੁਸ਼ਮਨੀ ਨਫ਼ਰਤ ਰਿਹਾਂ ਆਸ਼ਕ ਮੁਹੱਬਤ ਦਾ,
ਲੋਕਾਈ ਪਿਆਰਦਾਂ ਦਿਲ ਚੋਂ ਤਾਂ ਹੀ ਗ਼ਜ਼ਲਾਤ ਲਿਖਦਾ ਹਾਂ।

ਗ਼ਜ਼ਲ ਸੰਗ ਇਸ਼ਕ ਹੈ ਮੈਨੂੰ ਰਹੇਗਾ ਆਖ਼ਰੀ ਦਮ ਤਕ,
‘ਅਜੀਬਾ’ ਇਸ ‘ਚ ਨਿਤ ਸ਼ਬਦਾਂ ਦੀ ਕਰ ਬਰਸਾਤ ਲਿਖਦਾ ਹਾਂ।

•ਸ਼ਾਦਮਾਨੀ: ਖ਼ੁਸ਼ੀ
***

(9) ਕਦੇ ਨਾ ਘੁੰਗਣੀਆਂ ਗੁੰਝਲ਼ਾਂ ਤੇ ਨਾ ਮੈਂ ਉੁਲਝਣਾਂ ਪਾਵਾਂ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS + ISSS + ISSS)

੦ ਗ਼ਜ਼ਲ

ਕਦੇ ਨਾ ਘੁੰਗਣੀਆਂ ਗੁੰਝਲ਼ਾਂ ਤੇ ਨਾ ਮੈਂ ਉਲਝਣਾਂ ਪਾਵਾਂ।
ਬਡ਼ੀ ਸਾਦੀ ਜਿਹੀ ਸ਼ੈਲੀ ‘ਚ ਸਿੱਧੀ ਬਾਤ ਕਹਿ ਜਾਵਾਂ।

ਦਿਲੇ-ਜ਼ਜ਼ਬਾਤ ‘ਚੋਂ ਨਿਕਲੇ ਮਿਰੇ ਅਹਿਸਾਸ ਹੁੰਦੇ ਨੇ,
ਗ਼ਜ਼ਲ ਅਪਣੀ ‘ਚ ਕਿੱਸੇ ਲੋਕ-ਪੀਡ਼ਾ ਦੇ ਹੀ ਦਰਸਾਵਾਂ।

ਕਰਾਂ ਮੈਂ ਬਾਤ ਹੱਕਾਂ ਦੀ ਭਲਾਈ ਲੋਕਾਂ ਦੀ ਖ਼ਾਤਰ,
ਸਦਾ ਸੋਚਾਂ ਖ਼ਲਕ਼ ਖ਼ਾਤਰ ਭਲ਼ਾ ਨਿਤ ਖ਼ਲਕ਼ ਦਾ ਚਾਹਵਾਂ।

ਕਿਵੇਂ ਕਿਸ ਨੂੰ ਬਚਾਉਣਾ ਹੈ ਮਨਾਉਣਾ ਹੈ ਸਲਾਹੁਣਾ ਹੈ,
ਘਡ਼ੇ ਖ਼ੁਦ ਦੇ ਅਸੂਲਾਂ ‘ਤੇ ਸਦਾ •ਮਸਲਾਤ ਸੁਲਝਾਵਾਂ।

ਬਿਨਾਂ ਸਚ ਸੁਚ ਦੇ ਜੀਵਨ ਵੀ ਕਾਦ੍ਹਾ ਦੋਸਤੋ ਜੀਵਨ,
ਕਰੇ ਦਿਲ ਸੱਚ ਦੀ ਚਾਦਰ ਮੈਂ ਕਾਇਨਾਤ ‘ਤੇ ਪਾਵਾਂ।

ਹਮਾਇਤ ਮਾਡ਼ੇ ਦੀ ਕਰਨੀ ਤੇ ਤਕਡ਼ੇ ਨੂੰ ਵੀ ਸਮਝਾਉਣਾ,
ਜ਼ੁਲਮ ਮੈਂ ਕਰਨ ਤੋਂ ਰੋਕਾਂ ਦਿਆਂ ਰਲ਼ ਬਹਿਣ ਨੂੰ •ਰਾਵਾਂ।

ਚਿਖ਼ਾ ਚਿੰਤਾ ਬਰਾਬਰ ਹੋਂਵਦੀ ਕਰ ਨਾਸ ਇਹ ਦੇਵੇ,
ਕਿ ਸਿਰ ਪਰਬਤ ਗਿਰੇ ‘ਤੇ ਫੇਰ ਵੀ ਲਡ਼ਣੋਂ ਨਾ ਘਬਰਾਵਾਂ।

ਕਰੇ ਦਿਲ ਚੁੰਮ ਲਵਾਂ ਗਜ਼ਲੇ ਪਰੀ ਵਰਗੀ ਤਿਰੀ ਸੂਰਤ,
ਤਿਰੇ ਅੰਦਰ ਉਤਰ ਜਾਵਾਂ ਤਿਰੇ ਸੰਗ ਜੱਫੀਆਂ ਪਾਵਾਂ।

ਉਦਾਸੀ ਦੇ ਘਣੇ ਜਦ ਮੇਘ ਸਿਰ ਮੇਰੇ ‘ਤੇ ਮੰਡਰਾਵਣ,
ਤੇ ਫਿਰ ਮੈਂ ਕਰ ਸ਼ੁਰੂ ਮਤਲਾ ਗ਼ਜ਼ਲ ਆਖਣ ਨੂੰ ਬਹਿ ਜਾਵਾਂ।

ਪਵੇ ਜੇ ਢੂੰਡਣਾ ਮੈਨੂੰ ਗ਼ਜ਼ਲ ਮੇਰੀ ‘ਚੋਂ ਲਭ ਲੈਣਾ,
ਗ਼ਜ਼ਲ ‘ਗੁਰਸ਼ਰਨ’ ਦੀ ਪਹਿਚਾਨ ਤੇ ਪੱਕਾ ਹੈ ਸਰਨਾਵਾਂ।

•ਮਸਲਾਤ: ਮਸਲੇ
•ਰਾਵਾਂ: ਮਸ਼ਵਰੇ
***

(10) ਬਡ਼ਾ ਦਿਲ ਨੂੰ ਭਾਉੰਂਦੇ ਇਸ਼ਾਰਾਤ ਤੇਰੇ!

ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਊਲਨ+ਫ਼ਊੁਲੁਨ+ਫ਼ਊੁਲੁਨ+ਫ਼ਊਲੁਨ)
(ISS+ISS+ISS+ISS)

o ਗ਼ਜ਼ਲ

ਬਡ਼ਾ ਦਿਲ ਨੂੰ ਭਾਉੰਂਦੇ *ਇਸ਼ਾਰਾਤ ਤੇਰੇ।
ਕਿ ਖਿਚਦੇ ਤਰਫ਼ ਤੇਰੀ *ਨਖ਼ਰਾਤ ਤੇਰੇ।

ਕਰੇਂ ਨਾ, ਕਰੇਂ ਤੂੰ, ਕਦਰ ਭਾਂਵੇਂ ਮਹਿਰਮ,
ਅਸਾਨੂੰ ਤਾਂ ਕੀਲ਼ਣ ਖ਼ਿਆਲਾਤ ਤੇਰੇ।

ਦਿਆਂ ਇਕ ਦਾ ਉੁੱਤਰ ਲਵੇਂ ਪੁਛ ਤੂੰ ਦੂਜਾ,
ਕਠਨ ਹੁੰਦੇ ਯਾਰਾ ਸਵਾਲਾਤ ਤੇਰੇ।

ਨਾ ਦਿਨ ਸ਼ੁਭ ਗੁਜ਼ਰੇ ਨਾ ਹੀ ਰਾਤ ਅੱਛੀ,
ਘਨੇਰੇ ਨਾ ਹੋਵਣ ਇਹ ਦਿਨ ਰਾਤ ਤੇਰੇ।

ਹਰਿਕ ਸ਼ੈ ਦਾ ਮੁਲ ਹੀ ਵਧੇ ਨਿਤ ਦਿਹਾਡ਼ੇ,
ਕਿਵੇਂ ਹੋਣ ਪੂਰੇ ਇਹ *ਖ਼ਰਚਾਤ ਤੇਰੇ।

ਲਗਾਵੇਂ ਤੂੰ ਊਝਾਂ ਦਿਨੇ ਰਾਤ ਨਿਸ ਦਿਨ,
ਨਾ ਮੁੱਕਣ ‘ਚ ਆਵਣ ਇੱਲਜ਼ਾਮਾਤ ਤੇਰੇ।

ਕਰਾਂ ਤੇਰੀ ਤਾਰੀਫ਼ ਧਿਆਵਾਂ ਤਿਰਾ ਨਾਮ,
ਬਡ਼ਾ ਮਨ-ਲੁਭਾਉਂਣੇ ਨੇ ਜਜ਼ਬਾਤ ਤੇਰੇ।

ਨਿਭਾਏ ਅਸਾਂ ਤਾਂ ਜੋ ਕੀਤੇ ਸੀ ਵਾਅਦੇ,
ਕਰੇਂ ਨਾ ਤੂੰ ਪੂਰੇ ਜੋ *ਫ਼ਰਜ਼ਾਤ ਤੇਰੇ।

ਗਿਓਂ ਟੁਰ ਤੂੰ ਦੇ ਕੇ ਵਿਛੋਡ਼ੇ ਦੇ ਹੰਝੂ,
ਜੋ ਲਗਦੇ ਨੇ ਦਿੱਤੇ *ਇਨਾਮਾਤ ਤੇਰੇ।

ਕਿਵੇਂ ਭੁੱਲ ਜਾਵਾਂ ਤਿਰੇ ਗ਼ੁੱਸੇ-ਸ਼ਿਕਵੇ,
ਉਹ ਲਗਦੇ ਨੇ ਮੈਨੂੰ ਅਹਿਸਾਨਾਤ ਤੇਰੇ।

‘ਅਜੀਬਾ’ ਜੋ ਫੁਟਦੀ ਗਜ਼ਲ ਰੋਜ਼ ਤੈਨੂੰ,
ਹੈ ਰਹਿਮਤ ਖ਼ੁਦਾ ਦੀ ਜਾਂ ਹਾਲਾਤ ਤੇਰੇ।

*ਇਸ਼ਾਰਾਤ: ਇਸ਼ਾਰੇ *ਨਖ਼ਰਾਤ: ਨਖ਼ਰੇ
*ਖ਼ਰਚਾਤ: ਖ਼ਰਚੇ *ਫ਼ਰਜ਼ਾਤ: ਫ਼ਰਜ਼ *ਇਨਾਮਾਤ: ਇਨਾਮ
***

(11) ਗ਼ਜ਼ਲ ਦਾ ਰੰਗ ਹੁੰਦਾ ਏ ਅਰੂਜ਼ੀ ਢੰਗ ਹੁੰਦਾ ਏ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS + ISSS + ISSS)

੦ ਗ਼ਜ਼ਲ

ਗ਼ਜ਼ਲ ਦਾ ਰੰਗ ਹੁੰਦਾ ਏ ਅਰੂਜ਼ੀ ਢੰਗ ਹੁੰਦਾ ਏ।
ਨਾ ਖੁੱਲ੍ਹਾ ਕਾਫ਼ੀਆ ਇਸ ਦਾ ਹਮੇਸ਼ਾਂ ਤੰਗ ਹੁੰਦਾ ਏ।

ਤਖ਼ਈਅਲ ਬਿਨ ਨਾ ਇਹ ਜੰਮੇਂ ਟੁਰੇ ਇਹ ਮਿਰਗ ਦੀ ਚਾਲੇ,
ਰਦੀਫ਼ਾਂ ਸੰਗ ਇਦ੍ਹਾ ਰਿਸ਼ਤਾ ਗ਼ਜ਼ਲ ਵਿਚ ਵਿਅੰਗ ਹੁੰਦਾ ਏ।

ਹਸੀਂ ਦੁਲਹਨ ਤੋਂ ਇਹ ਕਮ ਨਾ ਕਰੇ ਘਾਇਲ਼ ਅਦਾਵਾਂ ਸੰਗ,
ਇਦ੍ਹਾ ਨਖ਼ਰਾ ਇਦ੍ਹੀ ਹਰ ਜ਼ੁਲਫ਼ ਦੇ ਵਿਚ ਡੰਗ ਹੁੰਦਾ ਏ।

ਕਰੇ ਇਹ ਇਸ਼ਕ ਦੀ ਪੂਜਾ ਗ਼ਜ਼ਲ ਪੂਜੇ ਮੁਹੱਬਤ ਨੂੰ,
ਇਦ੍ਹਾ ਅਪਣਾ ਝਨਾਂ ਬੇਲਾ ਹੀ ਅਪਣਾ ਝੰਗ ਹੁੰਦਾ ਏ।

ਕਹੀ ਜਾਵੇ ਇਹ ਬਹਿਰਾਂ ਵਿਚ ਰਹੇ ਵਿਚ ਲਕਸ਼ਮਨ-ਰੇਖਾ,
ਗ਼ਜ਼ਲ ਸੀਤਾ ਜਿਹੀ! ਸਤ ਜੇਸ ਦਾ ਨਾ ਭੰਗ ਹੁੰਦਾ ਏ।

ਗ਼ਜ਼ਲ ਦੋ ਲਇਨਾਂ ਦੀ ਪਟਡ਼ੀ ਜਿਦ੍ਹੇ ਉੱਤੇ ਲਫ਼ਜ਼ ਚੱਲਣ,
ਲਵੇ ਕੋਈ ਅਗਰ ਖੁੱਲ੍ਹਾਂ ਤਾਂ ਸਿਸਟਮ ਭੰਗ ਹੁੰਦਾ ਏ।

ਗ਼ਜ਼ਲ ਮੇਰੀ ਮਿਰੀ ਸਾਥਣ ਬਿਨਾਂ ਇਸ ਦੇ ਮਿਰਾ ਕੁਝ ਨਾ,
ਗ਼ਜ਼ਲ ਸੰਗ ਗੁਫ਼ਤਗੂ ਮੇਰੀ ਮਿਰਾ ਸਤਿਸੰਗ ਹੁੰਦਾ ਏ।

ਗ਼ਜ਼ਲਕਾਰੋ ਕਹੋ ਗ਼ਜ਼ਲਾਂ ਹਮੇਸ਼ਾਂ ਬਹਿਰ ਦੇ ਅੰਦਰ,
‘ਅਜੀਬਾ’ ਇਸ ਤਰਾਂ ਪੈਦਾ ਗ਼ਜ਼ਲ ਵਿਚ ਰੰਗ ਹੁੰਦਾ ਏ।
***

(12) ਕਣੀਆਂ ਗ਼ਜ਼ਲ ਅਪਣੀ ਦੀਆਂ ਵਰਸਾ ਰਿਹਾ ਹਾਂ ਰੋਜ਼!

ਬਹਿਰ: ਰਜਜ਼, ਮੁਸੱਦਸ, ਅਖ਼ਰਬ
ਅਰਕਾਨ : ਇਕ ਮਿਸਰੇ ਵਿਚ ਇਕ ਵਾਰ
(ਮੁਸਤਫ਼ਇਲੁਨ + ਮੁਸਤਫ਼ਇਲੁਨ + ਮੁਸਤਫ਼ਇਲੁਨ + ਇਲੁਨ)
(SSIS + SSIS + SSIS + IS)

o ਗ਼ਜ਼ਲ

ਕਣੀਆਂ ਗ਼ਜ਼ਲ ਅਪਣੀ ਦੀਆਂ ਵਰਸਾ ਰਿਹਾ ਹਾਂ ਰੋਜ਼।
ਸੀਨੇ ‘ਚ ਠੰਡਕ ਲੋਕਤਾ ਦੇ ਪਾ ਰਿਹਾ ਹਾਂ ਰੋਜ਼।

ਮਤਲਾਅ ਸਾਨੀ :

ਮਹਿਫ਼ਲ ਗ਼ਜ਼ਲ ਦੀ ਰਾਤ ਦਿਨ ਗਰਮਾ ਰਿਹਾ ਹਾਂ ਰੋਜ਼।
ਰੁਤਬਾ ਇਦਾ ਸੰਸਾਰ ਵਿਚ ਵਧਵਾ ਰਿਹਾਂ ਹਾਂ ਰੋਜ਼।

ਲੋਚਾਂ ਪੁਚਾਣਾ ਅੰਬਰੀਂ ਹੁਣ ਏਸ ਦਾ ਮੁਕਾਮ,
ਹਿੱਸਾ ਅਦਬ-ਚੰਗੇਰ ਦੇ ਵਿਚ ਪਾ ਰਿਹਾ ਹਾਂ ਰੋਜ਼।

ਐਸੀ ਬਚੇ ਨਾ ਥਾਂ ਕੋਈ ਜਗ ਵਿਚ ਵਿਰਾਨ ਹੁਣ,
ਪਹੁੰਚੇ ਗ਼ਜ਼ਲ ਜਿੱਥੇ ਵੀ ਨਾ, ਪਹੁੰਚਾ ਰਿਹਾ ਹਾਂ ਰੋਜ਼।

ਪਕਡ਼ਨ ਨੂੰ ਮਤਲੇ ਦੋਸਤੋ ਮੈਂ ਵਾਂਗ ਤਿਤਲੀਆਂ,
ਪਰਵਾਜ਼ ‘ਤੇ ਪਰਵਾਜ਼ ਉੁੱਚੀ ਲਾ ਰਿਹਾ ਹਾਂ ਰੋਜ਼।

ਬੂਟੇ ਗ਼ਜ਼ਲ ਦੇ ਧਰਤ ‘ਤੇ ਲਾ ਕੇ ਮੈਂ ਜਾਵਸਾਂ,
ਦੀਪਕ ਗ਼ਜ਼ਲ ਦੇ ਖ਼ੁਦ ਤੋਂ ਹੀ ਬਲਵਾ ਰਿਹਾਂ ਰੋਜ਼।

ਸੁਣਦਾਂ ਨਾ ਤੂਤਕ ਤੂਤੀਆਂ ਵਰਗੇ ਹੀ ਗੀਤ ਹੁਣ,
ਸੰਜੀਦਗੀ ਦੀ ਕਵਿਤਾ ਹੀ ਗਾ ਰਿਹਾ ਹਾਂ ਰੋਜ਼।

ਸ਼ਾਲਾ! ਗ਼ਜ਼ਲ ਦੇ ਦੀਪ ਨਾ ਬੁੱਝਣ ਜਹਾਨ ‘ਚੋਂ,
ਖ਼ਾਹਿਸ਼ ਖੁਦਾ ਤੋਂ ਆਪਣੀ ਮਨਵਾ ਰਿਹਾਂ ਹਾਂ ਰੋਜ਼।

ਆਖਾਂ ‘ਅਜੀਬਾ’ ਸਭ ਨੂੰ ਹੀ ਕਹਿਣੀ ਜੇ ਹੈ ਗ਼ਜ਼ਲ,
ਪਿੰਗਲ ਨੂੰ ਅਪਨਾਵੋ ਸਦਾ ਫ਼ਰਮਾ ਰਿਹਾ ਹਾਂ ਰੋਜ਼।

ਕਹਿ ਕਹਿ ਗ਼ਜ਼ਲ ਉੱਤੇ ਗ਼ਜ਼ਲ ਥਕਦਾ ‘ਅਜੀਬ’ ਨਾ,
ਹੈ ਨਾਂ ਤਿਰਾ ਮੇਰੀ ਗ਼ਜ਼ਲ ਚਮਕਾ ਰਿਹਾ ਹਾਂ ਰੋਜ਼।

ਆਖੇ ਨਾ ਕੇਵਲ ਹੁਸਨ ‘ਤੇ ਗ਼ਜ਼ਲਾਂ ‘ਅਜੀਬ’ ਹੀ,
ਲੋਕਾਂ ਦੇ ਸਭ •ਮਸਲਾਤ ਵੀ ਦਰਸਾ ਰਿਹਾ ਹਾਂ ਰੋਜ਼।

•ਮਸਲਾਤ: ਮਸਲੇ
***

(13) ਜੇ ਲਿਖ ਲੈਨੈਂ ਗਾਉਣਾ ਸਿੱਖ!

ਬਹਿਰ: ਮੁਤਦਾਰਿਕ, ਮੁਸੱਮਨ, ਮਕਤੂਅ, ਅਖ਼ਜ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰੁ
(ਫ਼ੇਲੁਨ + ਫ਼ੇਲੁਨ + ਫ਼ੇਲੁਨ + ਫੇਲੁ)
(SS + SS + SS + SI)

੦ ਗ਼ਜ਼ਲ

1
ਜੇ ਲਿਖ ਲੈਨੈਂ ਗਾਉਣਾ ਸਿੱਖ।
ਮਨ ਅਪਣਾ ਪਰਚਾਉਣਾ ਸਿੱਖ।
2
ਸ਼ਬਦ ਰਚਾਵਣ ਜੀਵਨ-ਰਾਸ,
ਸ਼ਬਦਾਂ ਨੂੰ ਚਮਕਾਉਣਾ ਸਿੱਖ।
3
ਸ਼ਬਦ ਨੇ ਹੁੰਦੇ ਮੋਤੀ ਯਾਰ,
ਗ਼ਜ਼ਲਾਂ ਵਿੱਚ ਪਰਾਉਣਾ ਸਿੱਖ।
4
ਬਿੰਦੀ ਟਿੱਪੀ ਤੇ ਵਿਸਰਾਮ,
ਢੁੱਕਵੇਂ ਥਾਂਵੀਂ ਲਾਉਣਾ ਸਿੱਖ।
5
ਮਾਰਨ ਲੰਗ ਜਦੋਂ ਅਲਫ਼ਾਜ਼,
ਵਿੱਚ ਗ਼ਜ਼ਲ ਭਜਵਾਉਣਾ ਸਿੱਖ।
6
ਵਿੱਚ ਤਰੰਨਮ ਕਹਿ ਕੇ ਗੱਲ,
ਲੋਕਾਂ ਨੂੰ ਭਰਮਾਉਣਾ ਸਿੱਖ।
7
ਸ਼ਾਇਰੀ ਤੌਅਫ਼ਾ ਦਿੱਤਾ ਰੱਬ,
ਮਾਂਜ ਇਨੂੰ ਲਿਸ਼ਕਾਉਣਾ ਸਿੱਖ।
8
ਚੋਟ ਟਕੋਰਾਂ ਤਾਹਨੇਬਾਜ਼ੀ,
ਵਿੱਚ ਗ਼ਜ਼ਲ ਦੇ ਲਾਉਣਾ ਸਿੱਖ।
9
ਨਾਲ਼ ਅਦਾਵਾਂ ਮੋਹ ਲੈਂਦਾ ਏ,
ਹਥ ਫਡ਼ ਹੁਸਨ ਤੁਰਾਉਣਾ ਸਿੱਖ।
10
ਇਸ਼ਕ ਬਿਨਾਂ ਕੀ ਜੀਣਾ ਯਾਰ,
ਪ੍ਰੇਮ ਦੀ ਨਾਵ ਚਲਾਉਣਾ ਸਿੱਖ।
11
ਕੰਮ ਜੇ ਲੈਣੇਂ ਹਾਕਮ ਤੋਂ ਨੇ,
ਤਾਂ ਫਿਰ ਸਿੰਙ ਫਸਾਉਣਾ ਸਿੱਖ।
12
ਲੈਣੇ ਹੱਕ ਨਾ ਸੌਖੇ ਯਾਰ,
ਥਾਂ ਥਾਂ ਲੱਤ ਅਡ਼ਾਉਣਾ ਸਿੱਖ।
13
ਕਰਕੇ ਕੌਲ਼ ਨਾ ਜਾਇਆ ਕਰ ਭੁੱਲ,
ਅਪਣੇ ਬੋਲ਼ ਪੁਗਾਉਣਾ ਸਿੱਖ।
14
ਕੰਧਾਂ ਦੇ ਵੀ ਹੁੰਦੇ ਕੰਨ,
ਬਿਨ ਬੋਲੋ ਸਮਝਾਉਣਾ ਸਿੱਖ।
15
ਵਿੱਚ ਗ਼ਜ਼ਲ ਜੇ ਪਾਉਣੀ ਜਾਨ,
ਖ਼ੂਨ ਪਸੀਨਾ ਪਾਉਣਾ ਸਿੱਖ।
16
ਰੰਗ ਬਿਨਾਂ ਨਾ ਚਡ਼੍ਹਦੈ ਰੰਗ,
ਗ਼ਜ਼ਲੀਂ ਰੰਗ ਚਡ਼੍ਹਾਉਣਾ ਸਿੱਖ।
17
ਲੱਗਣ ਨੀਵੇਂ ਰੁੱਖੀਂ ਵੀ ਫੱਲ,
ਅਪਣਾ ਆਪ ਨਿਵਾਉਣਾ ਸਿੱਖ।
18
ਨਿਘ ਵਿਚ ਜੀਵਨ ਜਾਨ ਪਰਾਨ,
ਨਿਹੁੰ-ਰਿਸ਼ਤੇ ਗਰਮਾਉਣਾ ਸਿੱਖ।
19
ਮੋਦੀ ਤੋਂ ਜੇ ਗਲ ਮਨਵਾਉਣੀ,
ਚਮਚੇ ਥਾਲ਼ ਵਜਾਉਣਾ ਸਿੱਖ।
20
‘ਗੁਰਸ਼ਰਨਾ’ ਚਲ ਸੋਚ-ਸਮਝ ਕੇ,
ਗਲ਼ ਵਿਚ ਬਾਹਾਂ ਪਾਉਣਾ ਸਿੱਖ।
21
ਆਕਡ਼ ਵਿਚ ਨਾ ਰਹਿ ‘ਗੁਰਸ਼ਰਨ’,
ਹਉਮੇ ਮਾਰ ਮੁਕਾਉਣਾ ਸਿੱਖ।
22
ਲਾ ਕੇ ਯਾਰੀ ਯਾਰ ‘ਅਜੀਬ’,
ਇਸ ਨੂੰ ਤੋਡ਼ ਨਿਭਾਉਣਾ ਸਿੱਖ।
***

(14) ਸ਼ਿੰਗਰਫ਼ੀ ਜਜ਼ਬਾਤ ਸਾਡੇ ਤੇ ਫ਼ੌਲਾਦੀ ਬੋਲ਼ ਨੇ।

ਬਹਿਰ: ਰਮਲ, ਮੁਸੱਮਨ, ਮਹਿਜ਼ੂਫ਼
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਫ਼ਾਇਲਾਤੁਨ + ਫ਼ਾਇਲਾਤੁਨ + ਫ਼ਾਇਲਾਤੁਨ + ਫ਼ਾਇਲੁਨ)
(SISS + SISS + SISS + SIS)

੦ ਗ਼ਜ਼ਲ

*ਸ਼ਿੰਗਰਫ਼ੀ ਜਜ਼ਬਾਤ ਸਾਡੇ ਕੁਝ ਫ਼ੌਲਾਦੀ ਬੋਲ਼ ਨੇ।
ਲਡ਼ਣ ਨੂੰ ਅਲਫ਼ਾਜ਼ ਕਾਵਿਕ ਕੋਮਲ ਸਾਡੇ ਕੋਲ਼ ਨੇ।

ਲੋਡ਼ੀਏ ਖ਼ੰਜਰ ਨਾ ਨੇਜ਼ਾ ਨਾ ਅਸੀਂ ਤਲਵਾਰ ਹੀ,
ਵਾਸਤੇ ਜਿੱਤਣ ਨੂੰ ਜੰਗਾਂ ਸ਼ਬਦ ਸਾਡਾ ਘੋਲ਼ ਨੇ।

ਦੂਜਿਆਂ ਦੀ ਵੇਖ ਦੌਲ਼ਤ ਈਰਖਾ ਕਰਦੇ ਨਹੀਂ,
ਖੁਸ਼ ਬਡ਼ੇ ਹਾਂ ਦਮਡ਼ਿਆਂ ਸੰਗ ਜੋ ਵੀ ਸਾਡੇ ਕੋਲ਼ ਨੇ।

ਆਪਣੀ ਪੀਡ਼੍ਹੀ ਦੇ ਹੇਠਾਂ ਮਾਰਦਾ ਸੋਟਾ ਨਾ ਕੋਈ,
ਦੂਜਿਆਂ ਦੀ ਕਰ ਰਹੇ ਸਭ ਦੋਸਤੋ ਪਡ਼ਚੋਲ਼ ਨੇ।

ਜ਼ਿੰਦਗੀ ਦੀ ਨਾਵ ਨੂੰ ਸੌਖਾ ਚਲਾਉਣਾ ਹੈ ਨਹੀਂ,
ਜਾ ਕਿਨਾਰੇ ਲਾਉਣ ਨੂੰ ਕਰਨੇ ਹੀ ਪੈਂਦੇ ਘੋਲ਼ ਨੇ।

ਰੂਪ ਉਸ ਦਾ ਚੰਦਰਮੀ ਆਵਾਜ਼ ਹੋੈ ਕੋਇਲ ਜਿਹੀ,
ਸ਼ਰਬਤੀ ਨੈਣਾਂ ਉੁਹਦੇ ਰੁਖ਼ਸਾਰ ਗੋਰੇ ਗੋਲ਼ ਨੇ।

ਬਿਨ ਅਰੂਜ਼ੀ ਬਹਿਰ ਦੇ ਨਾ ਬਣ ਸਕੇ ਯਾਰੋ ਗ਼ਜ਼ਲ,
ਏਸ ਵਿਚ ਹੁੰਦੀ ਰਵਾਨੀ ਸ਼ਬਦ ਸੁੰਦਰ ਬੋਲ਼ ਨੇ।

ਰੇਲ਼ ਦੀ ਪਟਡ਼ੀ ਤਰਾਂ ਹਰ ਇਕ ਗ਼ਜ਼ਲ ਦਾ ਸ਼ਿਅਰ ਹੈ,
ਫ਼ਾਸਲੇ ਸਭ ਦੇ ਬਰਾਬਰ ਕਾਇਮ ਮੇਲ-ਜੋਲ਼ ਨੇ।

ਆਖਣੀ ਯਾਰੋ ਗ਼ਜ਼ਲ ਇਕ ਸ਼ੌਕ ਹੈ ਜਾਂ ਬੰਦਗੀ,
ਏਸ ਦੇ ਮਿੱਤਰ ‘ਅਜੀਬਾ’ ਉੁਚ-ਤਖ਼ਈਅਲ ਤੋਲ਼ ਨੇ।

*ਸ਼ਿੰਗਰਫ਼ੀ: ਲੋਹੇ ਦੇ ਕੁਸ਼ਤੇ ਵਰਗੇ
***

(15) ਨਾ ਬਣਿਆ ਆਪਣਾ ਕੋਈ ਬਣਾ ਕੇ ਵੇਖ ਲਏ ਸਾਰੇ!

ਬਹਿਰ: ਹਜ਼ਜ, ਮੁਸੱਮਨ, ਸਾਲਮ
ਅਰਕਾਨ: ਇਕ ਮਿਸਰੇ ਵਿਚ ਇਕ ਵਾਰ
(ਮੁਫਾਈਲੁਨ + ਮੁਫਾਈਲੁਨ + ਮੁਫ਼ਾਈਲੁਨ + ਮੁਫ਼ਾਈਲੁਨ)
(ISSS + ISSS + ISSS + ISSS)

੦ ਗ਼ਜ਼ਲ

ਨਾ ਬਣਿਆ ਆਪਣਾ ਕੋਈ ਬਣਾ ਕੇ ਵੇਖ ਲਏ ਸਾਰੇ।
ਨਾ ਨਿਕਲੇ ਦਿਲ ਦੇ ਵਿੱਚੋਂ ਵੀ ਕਢਾ ਕੇ ਵੇਖ ਲਏ ਸਾਰੇ।

ਸੀ ਕੀਤੀ ਜੀ-ਹਜ਼ੂਰੀ ਦਾਸ ਬਣ ਫਿਰ ਵੀ ਨਾ ਬਣ ਪਾਈ,
ਸਨਮ ਦੇ ਨਾਜ਼ ਨਖ਼ਰੇ ਵੀ ਉਠਾ ਕੇ ਵੇਖ ਲਏ ਸਾਰੇ।

ਸਿਤਮ ਢਾਏ ਹਯਾਤੀ ਨੇ ਅਸਾਡੇ ‘ਤੇ ਮਣਾਂ-ਮੂੰਹੀਂ,
ਬਣੀ ਕੁਝ ਬਾਤ ਤਕ ਵੀ ਨਾ! ਭੁਲਾ ਕੇ ਵੇਖ ਲਏ ਸਾਰੇ।

ਮੁਹੱਬਤ ਚੀਜ਼ ਕੈਸੀ ਹੈ ਭੁਲਾਈ ਜਾ ਨਹੀਂ ਸਕਦੀ,
ਸਨਮ ਦੇ ਸਾਂਭੇ ਪੱਤਰ ਵੀ ਜਲਾ ਕੇ ਵੇਖ ਲਏ ਸਾਰੇ।

ਦਿਲਾਂ ਦੇ ਮਹਿਰਮਾਂ ਨੇ ਸਾਰ ਤਕ ਵੀ ਨਾ ਲਈ ਸਾਡੀ,
ਮੁਹੱਬਤ ਵਿਚ ਬਡ਼ੇ ਧੋਖੇ ਵੀ ਖਾ ਕੇ ਵੇਖ ਲਏ ਸਾਰੇ।

ਰਹੀ ਨਾਕਾਮ ਹਰ ਕੋਸ਼ਿਸ਼ ਕਿਸੇ ਨੇ ਖ਼ੈਰ ਨਾ ਪਾਈ,
ਜੋ ਪੱਲੇ ਰੋਕਡ਼ੇ ਸਨ ਵੀ ਗੁਆ ਕੇ ਵੇਖ ਲਏ ਸਾਰੇ।

ਰਿਹਾ ਮੌਲ਼ਾ ਸਦਾ ਰੁਸਿਆ ‘ਅਜੀਬਾ’ ਰਾਮ ਵੀ ਔਖਾ,
ਮਸੀਤਾਂ ਚਰਚ ਤੇ ਮੰਦਰ ਵੀ ਗਾਹ ਕੇ ਵੇਖ ਲਏ ਸਾਰੇ।
***
ਗੁਰਸ਼ਰਨ ਸਿੰਘ ਅਜੀਬ (ਲੰਡਨ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1252
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →