ਜਨਤਕ ਰੈਲੀਆਂ ਦਾ ਅਖਾਡ਼ਾ ਬਣ ਚੁੱਕੀ ਹੈ ਗੁਰਦਾਸਪੁਰ ਦੀ ‘ਪੁੱਡਾ ਕਾਲੋਨੀ’

01/06/2019 1:30:01 AM

 ਗੁਰਦਾਸਪੁਰ,   (ਹਰਮਨਪ੍ਰੀਤ)-  ਗੁਰਦਾਸਪੁਰ ਸ਼ਹਿਰ ਦੇ ਪ੍ਰਦੂਸ਼ਣ ਅਤੇ ਸ਼ੋਰ ਸ਼ਰਾਬੇ ਤੋਂ ਬਚਣ ਲਈ ਬੇਸ਼ੱਕ ਸੈਂਕਡ਼ੇ ਲੋਕਾਂ ਨੇ ਪੁੱਡਾ ਦੀ ਅਰਬਨ ਅਸਟੇਟ ’ਚ ਮਕਾਨ ਬਣਾ ਕੇ ਇਹ ਮਹਿਸੂਸ ਕੀਤਾ ਸੀ ਕਿ ਉਹ ਸ਼ਹਿਰ ਦੀ ਸਭ ਤੋਂ ਵਧੀਆ ਕਾਲੋਨੀ ਦੇ ਨਿਵਾਸੀ ਬਣ ਕੇ ਭੀਡ਼-ਭਡ਼ੱਕੇ ਤੋਂ ਦੂਰ ਰਹਿਣਗੇ। ਪਰ ਇਸ ਕਾਲੋਨੀ ’ਚ ਨਿੱਤ ਦਿਨ ਹੋਣ ਵਾਲੇ ਸਿਆਸੀ, ਧਾਰਮਕ ਅਤੇ ਸਰਕਾਰੀ ਸਮਾਰੋਹਾਂ ਨੇ ਨਾ ਸਿਰਫ ਕਾਲੋਨੀ ਵਾਸੀਆਂ ਵੱਲੋਂ ਸ਼ਾਂਤੀ ਨਾਲ ਰਹਿਣ ਦੇ ਦੇਖੇ ਗਏ ਸੁਪਨੇ ਚਕਨਾ ਚੂਰ ਕਰ ਦਿੱਤੇ ਹਨ, ਸਗੋਂ ਅਜਿਹੇ ਪ੍ਰੋਗਰਾਮਾਂ ਕਾਰਨ ਲੋਕਾਂ ਦੇ ਨੱਕ ’ਚ ਦਮ ਆਇਆ ਪਿਆ ਹੈ। ਖਾਸ ਤੌਰ ’ਤੇ ਹੁਣ ਜਦੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੀ ਹੋਈ ਰੈਲੀ ਕਾਰਨ ਇਸ ਕਾਲੋਨੀ ਦੇ ਵਸਨੀਕਾਂ ਨੂੰ ‘ਸੂਈ ਦੇ ਨੱਕੇ’ ’ਚੋਂ ਨਿਕਲਣਾ ਪਿਆ ਹੈ ਤਾਂ ਕਾਲੋਨੀ ਵਾਸੀਆਂ ਨੇ ਸਪੱਸ਼ਟ ਸ਼ਬਦਾਂ ’ਚ ਐਲਾਨ ਕੀਤਾ ਹੈ ਕਿ ਜੇਕਰ ਭਵਿੱਖ ’ਚ ਅਜਿਹਾ ਹੋਇਆ ਤਾਂ ਉਹ ਮਾਣਯੋਗ ਹਾਈਕੋਰਟ ’ਚ ਜਾ ਕੇ ਆਪਣੀ ਖੱਜਲ-ਖੁਆਰੀ ਰੋਕਣ ਲਈ ਅਪੀਲ ਕਰਨਗੇ।
 2 ਦਿਨ ‘ਕੈਦੀਆਂ’ ਵਾਂਗ ਘਰਾਂ ’ਚ ਬੰਦ ਰਹੇ ਕਾਲੋਨੀ ਵਾਸੀ
 ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ 2 ਜਨਵਰੀ ਨੂੰ ਤਕਰੀਬਨ ਸਾਰਾ ਦਿਨ ਹੀ ਕਾਲੋਨੀ ਨੂੰ ਪੁਲਸ ਨੇ ਪੂਰੀ ਤਰ੍ਹਾਂ ਸੀਲ ਕਰ ਕੇ ਰੱਖਿਆ ਅਤੇ 3 ਜਨਵਰੀ ਦੀ ਸ਼ਾਮ ਤੱਕ ਵੀ ਕਾਲੋਨੀ ਦੇ ਅੰਦਰ ਕੋਈ ਹਿੱਲਜੁਲ ਨਹੀਂ ਹੋਣ ਦਿੱਤੀ। ਇਸ ਕਾਰਨ ਇਸ ਕਾਲੋਨੀ ਅੰਦਰ ਰਹਿਣ ਵਾਲੇ ਸੈਂਕਡ਼ੇ ਲੋਕਾਂ ਦੀ ਹਾਲਤ ਅਜਿਹੀ ਬਣੀ ਰਹੀ ਕਿ ਉਨ੍ਹਾਂ ਨੂੰ ਦੁੱਧ, ਸਬਜ਼ੀਆਂ ਅਤੇ ਹੋਰ ਅਤੀ ਜ਼ਰੂਰੀ ਚੀਜ਼ਾਂ ਵੀ ਨਸੀਬ ਨਹੀਂ ਹੋ ਸਕੀਆਂ। ਇਥੋਂ ਤੱਕ ਕਿ ਕਾਲੋਨੀ ’ਚ ਨਾ ਤਾਂ ਕੋਈ ਦੋਧੀ ਜਾ ਸਕਿਆ ਅਤੇ ਨਾ ਹੀ ਸਫਾਈ ਲਈ ਰੱਖੀਆਂ ਅੌਰਤਾਂ ਦਾਖਲ ਹੋ ਸਕੀਆਂ। 
ਬੇਸ਼ੱਕ ਪੁਲਸ ਨੇ ਕਾਲੋਨੀ ’ਚ ਰਹਿਣ ਵਾਲੇ ਲੋਕਾਂ ਦੇ ਚਾਰ ਪਹੀਆ ਵਾਹਨਾਂ ਲਈ ਪਾਸ ਜਾਰੀ ਕੀਤੇ ਸਨ। ਪਰ ਕਾਲੋਨੀ ਵਾਸੀਆਂ ਅਨੁਸਾਰ ਪੁਲਸ ਨੇ ਕਈ ਪਾਸ ਹੋਲਡਰਾਂ ਨੂੰ ਵੀ ਨਹੀਂ ਆਉਣ ਜਾਣ ਦਿੱਤਾ। 
 ਘਰਾਂ ’ਚ ਪੁਲਸ ਦੀ ਪੁੱਛ-ਪਡ਼ਤਾਲ ਤੋਂ ਵੀ ਤੰਗ ਰਹੇ ਲੋਕ
 ਕਾਲੋਨੀ ਵਾਸੀਆਂ ਨੇ ਦੱਸਿਆ ਕਿ ਕਾਲੋਨੀ ’ਚ ਰਹਿਣ ਵਾਲੇ ਲੋਕਾਂ ਦੇ ਘਰਾਂ ’ਚ ਪੁਲਸ ਅਧਿਕਾਰੀਆਂ ਦੀਆਂ ਕਈ ਟੀਮਾਂ ਨੇ ਆ ਕੇ ਵਾਰ-ਵਾਰ ਉਨ੍ਹਾਂ ਦੀ ਵੈਰੀਫਿਕੇਸ਼ਨ ਕੀਤੀ ਅਤੇ ਉਨ੍ਹਾਂ ਦੇ ਕਾਰੋਬਾਰ, ਪਿਛੋਕਡ਼ ਅਤੇ ਪਰਿਵਾਰਕ ਮੈਂਬਰਾਂ ਦੀ ਪੁੱਛਗਿਛ ਕਰ ਕੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਿਵੇਂ ਉਹ ਆਪਣੇ ਘਰਾਂ ’ਚ ਨਹੀਂ ਸਗੋਂ ਕਿਸੇ ਹੋਰ ਜਗ੍ਹਾ ’ਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹੋਣ।
 ‘ਰੈਲੀ ਗਰਾਊਂਡ’ ਬਣ ਚੁੱਕੀ ਹੈ ਸ਼ਹਿਰ ਦੀ ਪਾਸ਼ ਕਾਲੋਨੀ
 155 ਏਕਡ਼ ਰਕਬੇ ’ਚ ਪੁੱਡਾ ਵੱਲੋਂ ਬਣਾਈ ਗਈ ਇਸ ਕਾਲੋਨੀ ’ਚ ਪਹਿਲਾਂ 800 ਦੇ ਕਰੀਬ ਪਲਾਟ ਕੱਟੇ ਗਏ ਸਨ, ਜਿਸ ਦੇ ਬਾਅਦ ਕਮਰਸ਼ੀਅਲ ਸਾਈਟ ਲਈ ਛੱਡੀ ਗਈ ਜਗ੍ਹਾ ’ਚ ਵੀ ਹੁਣ ਪਲਾਟ ਅਲਾਟ ਕਰ ਦਿੱਤੇ ਗਏ ਹਨ। ਕਾਲੋਨੀ ਦੇ ਬਾਕੀ ਹਿੱਸਿਆਂ ’ਚ 300 ਤੋਂ ਵੀ ਜ਼ਿਆਦਾ ਘਰਾਂ ਦੀ ਉਸਾਰੀ ਹੋ ਚੁੱਕੀ ਹੈ, ਜਿਥੇ ਇਕ ਹਜ਼ਾਰ ਤੋਂ ਵੀ ਜ਼ਿਆਦਾ ਲੋਕ ਰਹਿੰਦੇ ਹਨ। ਪਰ ਕਮਰਸ਼ੀਅਲ ਸਾਈਟ ਵਾਲੀ ਜਗ੍ਹਾ ਅਜੇ ਵੀ ਖਾਲੀ ਹੋਣ ਕਾਰਨ ਇਥੇ ਗਰਾਊਂਡ ਹੈ, ਜਿਸ ਨੂੰ ਹਰੇਕ ਪਾਰਟੀ ਆਪਣੀ ਸਿਆਸੀ ਰੈਲੀ ਕਰਨ ਲਈ ਚੁਣਦੀ ਹੈ ਜਦੋਂ ਕਿ ਸਰਕਾਰੀ ਸਮਾਗਮਾਂ ਲਈ ਵੀ ਆਮ ਤੌਰ ’ਤੇ ਇਸੇ ਜਗ੍ਹਾ ਨੂੰ ਪਹਿਲ ਦਿੱਤੀ ਜਾਂਦੀ ਹੈ। ਪਿਛਲੀ ਸਰਕਾਰ ਵੇਲੇ ਵੀ ਇਥੇ ਹੀ ਪ੍ਰੋਗਰਾਮ ਕਰਵਾਏ ਜਾਂਦੇ ਸਨ। ਜਦੋਂ ਕਿ ਗੁਰਦਾਸਪੁਰ ਦੀ ਦਾਣਾ ਮੰਡੀ ’ਚ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾ ਸਕਦੇ ਹਨ।
 ਕਾਲੋਨੀ ਦੀ ਵੈੱਲਫੇਅਰ ਸੋਸਾਇਟੀ ਨੇ ਉਠਾਏ ਸਵਾਲ
 ਅੱਜ ‘ਜਗ ਬਾਣੀ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਅਰਬਨ ਅਸਟੇਟ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਵਣ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰਾਂ ’ਚ ਸ਼ਾਮਲ ਪਰਮਿੰਦਰ ਸਿੰਘ, ਬਲਦੇਵ ਸਿੰਘ, ਅਤਰ ਸਿੰਘ, ਰਾਜਬੀਰ ਸਿੰਘ, ਬਲਦੇਵ ਸਿੰਘ, ਰਾਜ ਕੁਮਾਰ, ਅਜੇਪਾਲ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ ਅਤੇ ਹਰਪਾਲ ਸਿੰਘ ਆਦਿ ਨੇ ਸਵਾਲ ਕੀਤਾ ਕਿ ਸਵੱਛ ਭਾਰਤ ਮੁਹਿੰਮ ਸ਼ੁਰੂ ਕਰਨ ਵਾਲੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਬਾਅਦ ਇਸ ਕਾਲੋਨੀ ’ਚ ਜਿਹਡ਼ੀ ਗੰਦਗੀ ਫੈਲੀ ਹੈ, ਉਸ ਲਈ ਕੌਣ ਜ਼ਿੰਮੇਵਾਰ ਹੈ? ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਵੀ ਰੋਸ ਜ਼ਾਹਿਰ ਕੀਤਾ ਕਿ ਆਖਿਰਕਾਰ ਇੰਨੀ ਭੀਡ਼ ਵਾਲੇ ਇਲਾਕੇ ’ਚ ਹੈਲੀਕਾਪਟਰ ਉਤਾਰਨ ਦੀ ਇਜ਼ਾਜਤ ਕਿਉਂ ਦਿੱਤੀ ਗਈ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁੱਡਾ ਵੱਲੋਂ ਇਸ ਰਿਹਾਇਸ਼ੀ ਕਾਲੋਨੀ ’ਚ ਅਜਿਹੇ ਪ੍ਰੋਗਰਾਮਾਂ ਦੀ ਇਜ਼ਾਜਤ ਕਿਉਂ ਦਿੱਤੀ ਜਾਂਦੀ ਹੈ? ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਸਿਰਫ਼ ਮਾਣਯੋਗ ਹਾਈਕੋਰਟ ’ਚ ਜਾਣ ਦਾ ਰਸਤਾ ਹੀ ਬਚਿਆ ਹੈ ਕਿਉਂਕਿ ਇਸ ਸਾਲ ਜਦੋਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਮੁਡ਼ ਵੱਖ-ਵੱਖ ਪਾਰਟੀਆਂ ਨੇ ਇਸ ਰਿਹਾਇਸ਼ੀ ਕਾਲੋਨੀ ਨੂੰ ਰੈਲੀਆਂ ਦਾ ਅਖਾਡ਼ਾ ਬਣਾ ਲੈਣਾ ਹੈ। 

ਅਧਿਕਾਰੀਆਂ ਦੀ ਬੇਵਸੀ
 ਇਕ ਪਾਸੇ ਕਾਲੋਨੀ ਵਾਸੀ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਜੇਕਰ ਡੂੰਘਾਈ ਨਾਲ ਦੇਖਿਆ ਜਾਵੇ ਤਾਂ ਸਬੰਧਤ ਅਧਿਕਾਰੀ ਵੀ ਇਸ ਮਾਮਲੇ ’ਚ ਜ਼ਿੰਮੇਵਾਰ ਨਹੀਂ ਹਨ। ਕਿਉਂਕਿ ਜਦੋਂ ਵੀ ਕਿਸੇ ਪਾਰਟੀ ਜਾਂ ਸਰਕਾਰ ਦਾ ਵੱਡਾ ਸਮਾਗਮ ਹੋਣਾ ਹੁੰਦਾ ਹੈ ਤਾਂ ਸਬੰਧਤ ਸਰਕਾਰੀ ਅਧਿਕਾਰੀ ਪ੍ਰਬੰਧ ਤਾਂ ਆਪਣੀ ਅਗਵਾਈ ’ਚ ਕਰਦੇ ਹਨ। ਪਰ ਜਗ੍ਹਾ ਦੀ ਚੋਣ ਅਤੇ ਹੋਰ ਪ੍ਰਬੰਧਾਂ ਸਬੰਧੀ ਜ਼ਿਆਦਾ ਮਰਜ਼ੀ ਸਬੰਧਤ ਸਿਆਸੀ ਪਾਰਟੀਆਂ ਦੇ ਸੀਨੀਅਰ ਲੀਡਰਾਂ ਦੀ ਹੁੰਦੀ ਹੈ। ਜੇਕਰ ਕੋਈ ਅਧਿਕਾਰੀ ਰਿਹਾਇਸ਼ੀ ਕਾਲੋਨੀ ’ਚ ਕੋਈ ਰੈਲੀ ਜਾਂ ਸਮਾਗਮ ਕਰਨ ਸਬੰਧੀ ਇਜ਼ਾਜਤ ਦੇਣ ਤੋਂ ਇਨਕਾਰ ਵੀ ਕਰਦਾ ਹੈ, ਤਾਂ ਵੀ ਸੀਨੀਅਰ ਆਗੂ ਆਪਣਾ ਪ੍ਰਭਾਵ ਵਰਤ ਕੇ ਆਪਣੀ ਗੱਲ ਮਨਵਾ ਲੈਂਦੇ ਹਨ। 


Related News