Friday, May 10, 2024

ਤਾਜ਼ਗੀ ਲਿਆਉਂਦੇ ਹਨ ਤਰਲ ਪਦਾਰਥ

 

ਮੌਸਮ ਅਨੁਸਾਰ ਅਸੀਂ ਆਪਣੀ ਚਮੜੀ ਦੀ ਕਿਵੇਂ ਦੇਖਭਾਲ ਕਰਨੀ ਹੈ, ਉਨ੍ਹਾਂ ਉਪਾਵਾਂ ਨੂੰ ਤਾਂ ਅਸੀਂ ਧਿਆਨ ਵਿਚ ਰੱਖ ਲੈਂਦੇ ਹਾਂ ਪਰ ਮੌਸਮ ਅਨੁਸਾਰ ਆਪਣੇ ਸਰੀਰ ਨੂੰ ਤੰਦਰੁਸਤ ਕਿਵੇਂ ਰੱਖਣਾ ਹੈ, ਇਸ ‘ਤੇ ਧਿਆਨ ਨਹੀਂ ਦਿੰਦੇ ਜਦੋਂ ਕਿ ਇਹ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਗਰਮੀ ਆਉਣ ‘ਤੇ ਅਸੀਂ ਤੇਜ਼ ਧੁੱਪ ਤੋਂ ਆਪਣੇ-ਆਪ ਨੂੰ ਕਿਵੇਂ ਬਚਾਅ ਕੇ ਰੱਖੀਏ, ਇਸ ਦਾ ਧਿਆਨ ਰੱਖਦੇ ਹੋਏ ਸਰੀਰ ਵਿਚ ਆਉਣ ਵਾਲੀ ਕਮਜ਼ੋਰੀ ਨੂੰ ਦੂਰ ਕਿਵੇਂ ਕਰੀਏ, ਇਸ ‘ਤੇ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ। ਸਰੀਰ ਨੂੰ ਅੰਦਰ ਤੱਕ ਠੰਢਾ ਰੱਖਣ ਲਈ ਸਾਨੂੰ ਦਿਨ ਭਰ ਵਿਚ ਪਾਣੀ ਦਾ ਸੇਵਨ ਭਰਪੂਰ ਮਾਤਰਾ ਵਿਚ ਕਰਨਾ ਚਾਹੀਦਾ ਹੈ। ਜੇ ਜ਼ਿਆਦਾ ਪਾਣੀ ਨਹੀਂ ਪੀ ਸਕਦੇ ਤਾਂ ਰੂਹਅਫਜਾ ਪਾਣੀ ਵਿਚ ਪਾ ਕੇ ਪੀਓ। ਨਿੰਬੂ-ਪਾਣੀ ਵੀ ਲੈ ਸਕਦੇ ਹੋ। ਸਾਫਟ ਡ੍ਰਿੰਕਸ, ਰੈਡੀਮੇਡ ਜੂਸ ਸਰੀਰ ਨੂੰ ਊਰਜਾ ਤਾਂ ਦਿੰਦੇ ਹਨ ਅਤੇ ਠੰਢਕ ਵੀ ਪਰ ਸਿਹਤ ਦੇ ਲਿਹਾਜ਼ ਨਾਲ ਇਨ੍ਹਾਂ ਦਾ ਜ਼ਿਆਦਾ ਸੇਵਨ ਨੁਕਸਾਨਦੇਹ ਹੁੰਦਾ ਹੈ।
ਪਾਣੀ ਦਾ ਕਰੋ ਸੇਵਨ
ਦਿਨ ਭਰ ਵਿਚ 8 ਤੋਂ 10 ਗਿਲਾਸ ਪਾਣੀ ਤਾਂ ਜ਼ਰੂਰ ਪੀਣਾ ਚਾਹੀਦਾ ਹੈ। ਪਾਣੀ ਨਾਲ ਸਰੀਰ ਨੂੰ ਕਈ ਲਾਭ ਹੁੰਦੇ ਹਨ। ਸਰੀਰ ਵਿਚ ਨਮੀ ਬਣੀ ਰਹਿੰਦੀ ਹੈ। ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਪਸੀਨੇ ਅਤੇ ਮਲਮੂਤਰ ਦੁਆਰਾ ਨਿਕਲਦੇ ਹਨ। ਵੈਸੇ ਕਮਰੇ ਦੇ ਤਾਪਮਾਨ ਵਾਲਾ ਪਾਣੀ ਪੀਣ ਲਈ ਵਧੀਆ ਹੁੰਦਾ ਹੈ ਜੋ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਦਿਨ ਵਿਚ ਚਾਹੋ ਤਾਂ ਇਕ-ਦੋ ਵਾਰ ਕੋਸਾ ਪਾਣੀ ਵੀ ਪੀ ਸਕਦੇ ਹੋ। ਇਸ ਸਭ ਨਾਲ ਪਾਚਣ ਸ਼ਕਤੀ ਠੀਕ ਰਹਿੰਦੀ ਹੈ। ਕਮਜ਼ੋਰ ਪਾਚਣ ਸ਼ਕਤੀ ਵਾਲਿਆਂ ਨੂੰ ਠੰਢਾ ਪਾਣੀ ਨੁਕਸਾਨ ਪਹੁੰਚਾਉਂਦਾ ਹੈ। ਪਾਣੀ ਤੋਂ ਇਲਾਵਾ ਨਿੰਬੂ ਪਾਣੀ, ਨਾਰੀਅਲ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ। ਝਟਪਟ ਅਨਰਜੀ ਲਈ ਜੂਸ, ਪਾਣੀ ਵਿਚ ਸ਼ਹਿਦ, ਮਿੱਠੀ ਲੱਸੀ ਵੀ ਲੈ ਸਕਦੇ ਹੋ ਪਰ ਇਨ੍ਹਾਂ ਦਾ ਨਿਯਮਤ ਸੇਵਨ ਠੀਕ ਨਹੀਂ।
ਫਲਾਂ ਅਤੇ ਸਬਜ਼ੀਆਂ ਦਾ ਰਸ
ਤਾਜ਼ਾ ਫਲਾਂ ਦਾ ਰਸ ਸਰੀਰ ਨੂੰ ਇੰਸਟੈਂਟ ਅਨਰਜੀ ਦਿੰਦਾ ਹੈ, ਕਿਉਂਕਿ ਫਲਾਂ ਵਿਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਰਸ ਦੇ ਰੂਪ ਵਿਚ ਖੂਨ ਵਿਚ ਛੇਤੀ ਘੁਲ ਜਾਂਦੀ ਹੈ ਅਤੇ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ। ਜ਼ਿਆਦਾ ਰਸ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਰਸ ਬੱਚਿਆਂ, ਰੋਗੀਆਂ ਅਤੇ ਬਜ਼ੁਰਗ ਲੋਕਾਂ ਲਈ ਜ਼ਿਆਦਾ ਲਾਭਦਾਇਕ ਹੁੰਦਾ ਹੈ। ਨਿਰੋਗੀ ਲੋਕਾਂ ਨੂੰ ਫਲਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਤਾਂ ਕਿ ਸਰੀਰ ਨੂੰ ਲੋੜੀਂਦੀ ਮਾਤਰਾ ਵਿਚ ਰੇਸ਼ਾ ਪ੍ਰਾਪਤ ਹੋ ਸਕੇ। ਸਬਜ਼ੀਆਂ ਦੇ ਰਸ ਨਾਲ ਸਰੀਰ ਨੂੰ ਸਬਜ਼ੀਆਂ ਦੀ ਮਾਤਰਾ ਤਰਲ ਰੂਪ ਵਿਚ ਮਿਲ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਲਾਭ ਮਿਲਦਾ ਹੈ।
ਹਰਬਲ ਟੀ : ਹਰਬਲ ਟੀ ਵਿਚ ਕੈਫੀਨ ਦੀ ਮਾਤਰਾ ਨਾ ਹੋਣ ਕਾਰਨ ਸਰੀਰ ਲਈ ਇਹ ਸਰਬੋਤਮ ਹੈ। ਨਿਯਮਤ ਸੇਵਨ ਕਰਨ ਨਾਲ ਪਾਚਣ ਸਬੰਧੀ ਸਮੱਸਿਆਵਾਂ ਵਿਚ ਲਾਭ ਮਿਲਦਾ ਹੈ। ਹਰਬਲ ਟੀ ਵਿਚ ਕਈ ਸਵਾਦ ਉਪਲਬਧ ਹਨ, ਆਪਣੀ ਪਸੰਦ ਅਨੁਸਾਰ ਹਰਬਲ ਟੀ ਪੀਣ ਦੀ ਆਦਤ ਸਿਹਤ ਲਈ ਲਾਭਦਾਇਕ ਹੁੰਦੀ ਹੈ।
ਲੱਸੀ ਦਾ ਸੇਵਨ ਕਰੋ : ਡਬਲ ਟੋਂਡ ਦੁੱਧ ਦੇ ਦਹੀਂ ਤੋਂ ਬਣੀ ਲੱਸੀ ਸਰੀਰ ਨੂੰ ਅੰਦਰ ਤੱਕ ਠੰਢਾ ਕਰਦੀ ਹੈ। ਗਰਮੀਆਂ ਵਿਚ ਇਸ ਦਾ ਨਿਯਮਤ ਸੇਵਨ ਲਾਭਦਾਇਕ ਹੈ। ਲੱਸੀ ਤੁਸੀਂ ਫਿੱਕੀ ਜਾਂ ਹਲਕੇ ਨਮਕ, ਜ਼ੀਰੇ ਵਾਲੀ ਲੈ ਸਕਦੇ ਹੋ।
ਡੀ ਕੈਫਿਨੇਟੇਡ ਕੌਫੀ : ਡੀ ਕੈਫਿਨੇਟੇਡ ਕੌਫੀ ਵਿਚ ਕੈਫੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਕੌਫੀ ਦੇ ਸ਼ੌਕੀਨ ਲੋਕਾਂ ਨੂੰ ਇਸ ਦਾ ਸੇਵਨ ਗਰਮੀਆਂ ਵਿਚ ਕਰਨਾ ਚਾਹੀਦਾ ਹੈ ਪਰ ਧਿਆਨ ਰੱਖੋ ਕਿ ਇਸ ਵਿਚ ਕ੍ਰੀਮ ਅਤੇ ਦੁੱਧ ਦੀ ਮਾਤਰਾ ਘੱਟ ਰੱਖੋ। ਖੰਡ ਵੀ ਘੱਟ ਅਤੇ ਪਾਣੀ ਸਾਫ਼ ਹੋਣਾ ਚਾਹੀਦਾ ਹੈ।
-ਨੀਤੂ ਗੁਪਤਾ