ਨਿਰਾਸ਼ਾ ਅਤੇ ਆਸ

ਨਿਰਾਸ਼ਾ ਅਤੇ ਆਸ

ਕਿਸਾਨ ਸੰਘਰਸ਼ ਨੇ ਪੰਜਾਬ ਵਿੱਚ ਖਾਸ ਕਰਕੇ ਪਿੰਡਾਂ-ਸ਼ਹਿਰਾਂ ਦੇ ਨੌਜਵਾਨਾਂ ਨੂੰ ਨਵੀਂ ਚੇਤਨਾ ਪ੍ਰਦਾਨ ਕੀਤੀ ਹੈ

ਪੰਜਾਬ ਪਿਛਲਾ ਪੂਰਾ ਸਾਲ ਕਿਸਾਨ ਸੰਘਰਸ਼ ਦਾ ਕੇਂਦਰ ਰਿਹਾ ਹੈ, ਪਹਿਲਾਂ ਪੰਜਾਬ ਦੀਆਂ ਸੜਕਾਂ ਉੱਤੇ ਅਤੇ ਫਿਰ ਲਗਾਤਾਰ ਦਿੱਲੀ ਦੀਆਂ ਬਰੂਹਾਂ ਉੱਤੇ ਸਬਰ ਸਬਰ ਸਿਦਕ ਅਤੇ ਚੜ੍ਹਦੀਕਲਾ ਨਾਲ ਇਹ ਸੰਘਰਸ਼ ਜਾਰੀ ਰਿਹਾ। ਕਿਸਾਨ ਸੰਘਰਸ਼ ਲੋਕਾਂ ਦੀਆਂ ਆਸਾਂ ਅਤੇ ਉਮੰਗਾਂ ਨੂੰ ਅਵਾਜ ਦੇਣ ਵਿੱਚ ਪੂਰੀ ਤਰ੍ਹਾਂ ਸਫਲ ਵੀ ਰਿਹਾ। ਏਨੀ ਵੱਡ-ਪਸਾਰੀ ਲਹਿਰ ਤੋਂ ਰਾਜਨੀਤਕ ਚਿੰਤਕਾਂ ਅਤੇ ਪੰਜਾਬ ਪੱਖੀ ਲੋਕਾਂ ਦੇ ਵੱਡੇ ਹਿੱਸੇ ਨੂੰ ਬਹੁਤ ਆਸਾਂ ਸਨ ਕਿ ਮੋਰਚੇ ਵਿੱਚੋਂ ਜਰੂਰ ਕੋਈ ਅਜਿਹੀ ਲੀਡਰਸ਼ਿਪ ਨਿਕਲੇਗੀ ਜਿਹੜੀ ਪੰਜਾਬ ਦੀ ਤਾਰੂ ਹੋ ਨਿੱਬੜੇਗੀ। ਹਾਲਾਂਕਿ ਮੋਰਚੇ ਦਾ ਅਸਰ ਮੌਜੂਦਾ ਸਿਆਸਤ ਉੱਤੇ ਬਹੁਤ ਵੱਡੇ ਪੱਧਰ 'ਤੇ ਪਿਆ ਹੈ ਅਤੇ ਇਸ ਨੇ ਬਦਲਾਅ ਦੀ ਸਿਆਸਤ ਨੂੰ ਨਵੇਂ ਬੋਲ, ਮੁਹਾਵਰੇ ਦਿੱਤੇ ਹਨ ਪਰ ਲੀਡਰਸ਼ਿਪ ਦੇ ਪੱਖੋਂ ਜਿਹੜੀ ਆਸ ਉਜਾਗਰ ਹੋਈ ਸੀ ਉਹ ਹੁਣ ਕਿਤੇ ਨਾ ਕਿਤੇ ਨਿਰਾਸ਼ਾ ਵਿੱਚ ਤਬਦੀਲ ਹੋ ਚੁੱਕੀ ਹੈ।ਕਈ ਕਿਸਾਨ ਜਥੇਬੰਦੀਆਂ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ ਕਿ ਪ੍ਰਧਾਨਮੰਤਰੀ ਵੱਲੋਂ ਕੀਤੇ ਗਏ ਕਨੂੰਨ ਵਾਪਸੀ ਦੇ ਐਲਾਨ ਨਾਲ ਉਹਨਾਂ ਹੱਥ ਆਪਣੇ ਆਪ ਨੂੰ ਪੰਜਾਬ ਵਿੱਚ ਇੱਕ ਰਾਜਸੀ ਆਗੂ ਵਜੋਂ ਸਥਾਪਤ ਕਰਨ ਦਾ ਮੌਕਾ ਖੁੱਸ ਗਿਆ ਹੈ, ਜਿਸ ਨਾਲ ਉਹ ਵਿਧਾਨ ਸਭਾ ਚੋਣਾਂ ਵਿੱਚ ਕੋਈ ਮਾਰਕਾ ਮਾਰ ਸਕਦੇ ਸਨ। ਇਸ ਨਿਰਾਸ਼ਾ ਦਾ ਦੂਜਾ ਪੱਖ ਇਹ ਹੈ ਕਿ ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਪੰਜਾਬ ਵਿੱਚ ਰਾਜਨੀਤਕ ਗਤੀਵਿਧੀਆਂ ਅਤੇ ਆਗੂਆਂ ਦੇ ਰਾਜਨੀਤਕ ਫੇਰਬਦਲ ਤੇਜ਼ ਹੋ ਰਹੇ ਹਨ। 

ਪਿਛਲੇ ਦਿਨਾਂ ਵਿੱਚ ਬਹੁਤ ਚਿਹਰਿਆਂ ਨੇ ਪਾਰਟੀਆਂ ਬਦਲੀਆਂ ਹਨ, ਹਾਲ ਹੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿੱਲੀ ਤੋਂ ਵਾਹਿਦ ਆਗੂ ਸ.ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਇਹ ਚਰਚਾ ਮੁੜ ਤੇਜ਼ ਹੋ ਗਈ ਹੈ ਅਤੇ ਸ.ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਜਾਣ ਨਾਲ ਕਈ ਇਤਿਹਾਸਕ ਤੱਥ ਅਤੇ ਸੰਭਾਵਨਾਵਾਂ ਉੱਤੇ ਸਹੀ ਪਈ ਹੈ। ਪਹਿਲੀ ਇਹ ਕਿ ਕੇਂਦਰੀ ਰਾਜਨੀਤਕ ਜਮਾਤਾਂ ਅਤੇ ਸਰਕਾਰਾਂ ਦੀ ਖੇਤਰੀ ਸਿਆਸਤ ਵਿੱਚ ਦਖਲਅੰਦਾਜੀ ਅਤੇ ਪ੍ਰਭਾਵ ਕਿੰਨਾ ਭਾਰੂ ਹੈ ਅਤੇ ਦੂਜਾ ਇਹ ਕਿ ਪਿਛਲੀਆਂ ਘਟਨਾਵਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਨੇੜੇ ਜਾਣਾ ਅਤੇ ਭਾਜਪਾ ਵੱਲੋਂ ਬਾਦਲ ਦਲ ਤੋਂ ਵੱਖਰੇ ਹੋਏ ਅਕਾਲੀ ਧੜਿਆਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਭਾਜਪਾ ਦੇ ਸਿੱਖ ਸਿਆਸਤ ਪ੍ਰਤੀ ਰਵਈਏ ਦੇ ਬਾਰੇ ਵੀ ਦੱਸ ਪਾਉਂਦੀਆਂ ਹਨ। ਇਸ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਭਾਜਪਾ ਬਦਲ ਰਹੇ ਅੰਤਰਾਸ਼ਟਰੀ ਸਮੀਕਰਣਾਂ ਅਤੇ ਪੰਜਾਬ ਅਤੇ ਬਾਕੀ ਦੇ ਮੁਲਕ ਵਿਚਲੇ ਹਾਲਾਤਾਂ ਨੂੰ ਵੇਖਦਿਆਂ ਸਿੱਖਾਂ ਨਾਲ ਸਿੱਧੇ ਰੂਪ ਵਿੱਚ ਟਕਰਾਅ ਦੀ ਸਥਿਤੀ ਵਿੱਚ ਨਹੀਂ ਆਉਣਾ ਚਾਹੁੰਦੀ। ਸਿੱਖ ਸਿਆਸਤ ਬਾਰੇ ਭਾਜਪਾ ਦੀ ਪਹੁੰਚ ਰਲਾਉਣ (ਅਕੋਮੋਡੇਟ) ਅਤੇ ਜ਼ਜ਼ਬ (ਅਸੀਮੀਲੇਟ) ਕਰਨ ਵਾਲੀ ਹੈ।

ਹਾਲਾਂਕਿ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਨਾਲ ਜੁੜਨ ਕਰਕੇ ਕਿਸਾਨ ਸੰਘਰਸ਼ ਅਤੇ ਹੋਰ ਹਲਕਿਆਂ ਤੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਹ ਕਿੰਨਾ ਸਮਾਂ ਰਹੇਗਾ ਅਤੇ ਇਸ ਦੇ ਅਸਰ ਕਿਸ ਤਰ੍ਹਾਂ ਦੇ ਹੋਣਗੇ ਇਹ ਆਉਂਦੇ ਦਿਨਾਂ ਵਿੱਚ ਹੋਰ ਸਪਸ਼ਟ ਹੋ ਜਾਵੇਗਾ।ਇਸ ਸਾਰੀ ਰਾਜਨੀਤਕ ਖੜੋਤ ਅਤੇ ਖਲਾਅ ਦਰਮਿਆਨ ਆਸ ਦੀ ਕਿਰਣ ਇਸ ਗੱਲ ਵਿੱਚ ਰੁਕੀ ਹੈ ਕਿ ਕਿਸਾਨ ਮੋਰਚੇ ਦੌਰਾਨ ਜਿਹੜੀ ਪਨੀਰੀ ਬੀਜੀ ਗਈ ਉਹ ਅਜਾਈਂ ਨਹੀਂ ਜਾਵੇਗੀ। ਕਿਸਾਨ ਮੋਰਚੇ ਦੀ ਇੱਕ ਵੱਡੀ ਪ੍ਰਾਪਤੀ ਇਹ ਵੀ ਰਹੀ ਕਿ ਇਸ ਨਾਲ ਵਿਰੋਧੀ ਧਿਰ ਦੀ ਪਹਿਚਾਣ ਆਮ ਲੋਕਾਂ ਵਿੱਚ ਹੋਰ ਨਿੱਖਰ ਕੇ ਸਾਹਮਣੇ ਆਈ। ਪਹਿਲਾਂ ਹਰ ਵਾਰ ਕਿਸੇ ਇਕ ਸਿਆਸੀ ਧਿਰ ਨੂੰ ਵਿਰੋਧੀ ਧਿਰ ਵਜੋਂ ਵੇਖਿਆ ਪ੍ਰਚਾਰਿਆ ਜਾਂਦਾ ਸੀ ਪਰ ਐਤਕੀਂ ਧਰਨਿਆਂ ਦੀਆਂ ਤਕਰੀਰਾਂ ਤੋਂ ਗਾਉਣ ਵਾਲਿਆਂ ਦੇ ਗੀਤਾਂ ਤੱਕ ਦਿੱਲੀ ਤਖ਼ਤ ਨੂੰ ਵਿਰੋਧੀ ਧਿਰ ਵਜੋਂ ਵੇਖਿਆ ਪ੍ਰਚਾਰਿਆ ਗਿਆ। ਲੋਕਾਂ ਦੇ ਦਬਾਅ ਕਰਕੇ ਇਹ ਪਹਿਲੀ ਵਾਰ ਹੋਇਆ ਕਿ ਕਿਸਾਨ ਯੂਨੀਅਨਾਂ ਸਰਕਾਰਾਂ ਨਾਲ ਮੁਲਾਕਾਤਾਂ ਵੇਲੇ ਆਪਣੇ ਮੁਤਾਬਿਕ ਅਤੇ ਲੋਕਾਂ ਦੇ ਜਜਬਾਤਾਂ ਦੇ ਉਲਟ ਫੈਸਲਾ ਨਹੀਂ ਕਰ ਸਕੀਆਂ। ਹੁਣ ਤੱਕ ਤਕਰੀਬਨ ਹਰ ਵੱਡੇ ਉਭਾਰ ਵਿਚੋਂ ਸਿਰਫ ਜਾ ਤਾਂ ਕੋਈ ਸਿਆਸੀ ਪਾਰਟੀ ਨਿਕਲਦੀ ਰਹੀ ਹੈ ਤੇ ਜਾ ਨਿਕਲਣ ਦੀ ਗੱਲ ਚਲਦੀ ਰਹੀ ਹੈ ਪਰ ਐਤਕੀਂ ਇਹ ਗੱਲ ਵੀ ਸਾਹਮਣੇ ਆਈ ਕਿ ਪੰਜਾਬ ਦਾ ਕੋਈ ਆਪਣਾ ਖੇਤੀਬਾੜੀ ਢਾਂਚਾ ਹੋਵੇ ਅਤੇ ਓਹਨੂੰ ਲਾਗੂ ਕਰਵਾਉਣ ਲਈ ਸਮਾਜਿਕ ਅਤੇ ਰਾਜਸੀ ਧਿਰ ਹੋਵੇ। ਕਿਸਾਨ ਸੰਘਰਸ਼ ਨੇ ਪੰਜਾਬ ਵਿੱਚ ਖਾਸ ਕਰਕੇ ਪਿੰਡਾਂ-ਸ਼ਹਿਰਾਂ ਦੇ ਨੌਜਵਾਨਾਂ ਨੂੰ ਨਵੀਂ ਚੇਤਨਾ ਪ੍ਰਦਾਨ ਕੀਤੀ ਹੈ, ਜਿਸ ਦਾ ਮੁੱਖ ਪ੍ਰਭਾਵ ਇਹ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਚਲੰਤ ਸਿਆਸਤ ਦੀਆਂ ਘਾਟਾਂ ਅਤੇ ਸੀਮਤਾਈਆਂ ਤੋਂ ਜਾਣੂ ਹੋਏ ਹਨ। ਕਿਸਾਨ ਸੰਘਰਸ਼ ਨੇ ਪਿੰਡ, ਸ਼ਹਿਰ ਪੱਧਰ 'ਤੇ ਜ਼ਮੀਨੀ ਲੀਡਰਸ਼ਿਪ, ਪਿੜ ਵਿੱਚ ਵਿਚਰ ਰਹੇ ਆਗੂਆਂ ਨੂੰ ਜਨਮ ਦਿੱਤਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਕੁੱਖ 'ਚ ਪਲ ਰਹੇ ਨਵੇਂ ਰਾਜਨੀਤਕ ਬਦਲਾਅ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਹਨ। ਇਸ ਲਈ ਇਸ ਸਮੇਂ ਘਾਟ ਸਿਰਫ ਉਹਨਾਂ ਰਾਜਸੀ ਆਗੂਆਂ ਦੀ ਹੈ ਜੋ ਇਸ ਸਫਲ ਮੋਰਚੇ ਤੋਂ ਬਾਅਦ ਪੈਦਾ ਹੋਈ ਨਿਰਾਸ਼ਾ ਨੂੰ ਆਸ ਵਿੱਚ ਬਦਲਣ ਦਾ ਮਾਦਾ ਰੱਖਦੇ ਹੋਣ। ਇਹ ਸਮਾਂ ਪੰਥਕ ਸਿਆਸਤ ਨੂੰ ਮੁੜ ਸੁਰਜੀਤ ਕਰਨ ਦੇ ਚਾਹਵਾਨਾਂ ਲਈ ਵੀ ਅਹਿਮ ਮੌਕਾ ਹੈ।