ਭਾਰਤ-ਕੈਨੇਡਾ ਤਣਾਅ ਨਾਲ ਪੀਐੱਮ ਮੋਦੀ ਨੂੰ ਕੀ ਨਫ਼ਾ ਜਾਂ ਨੁਕਸਾਨ ਹੋ ਸਕਦਾ ਹੈ – ਮਾਹਿਰਾਂ ਤੋਂ ਸਮਝੋ

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

  • ਲੇਖਕ, ਰਾਘਵੇਂਦਰ ਰਾਓ
  • ਰੋਲ, ਬੀਬੀਸੀ ਪੱਤਰਕਾਰ

ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਕੂਟਨੀਤਕ ਵਿਵਾਦ ਜਾਰੀ ਹੈ। ਭਾਰਤ 'ਤੇ ਗੰਭੀਰ ਇਲਜ਼ਾਮ ਲਗਾਉਣ ਦੇ ਬਾਵਜੂਦ ਕੈਨੇਡਾ ਨੇ ਭਾਰਤ ਮੁਤਾਬਕ ਨਾ ਤਾਂ ਭਾਰਤ ਨਾਲ ਕੋਈ ਠੋਸ ਸਬੂਤ ਸਾਂਝਾ ਕੀਤਾ ਹੈ ਅਤੇ ਨਾ ਹੀ ਜਨਤਕ ਕੀਤਾ ਹੈ।

ਜਦੋਂ ਤੋਂ ਇਹ ਮਾਮਲਾ ਸ਼ੁਰੂ ਹੋਇਆ ਹੈ, ਉਦੋਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੁਰਖੀਆਂ ਵਿੱਚ ਹਨ।

ਕੈਨੇਡਾ ਵਿੱਚ ਲੋਕਪ੍ਰਿਅਤਾ ਰੇਟਿੰਗ ਵਿੱਚ ਪੱਛੜ ਰਹੇ ਟਰੂਡੋ ਬਾਰੇ ਕਿਹਾ ਜਾ ਰਿਹਾ ਹੈ ਕਿ ਨਿੱਝਰ ਦੇ ਕਤਲ ਦਾ ਮੁੱਦਾ ਉਠਾਉਣ ਪਿੱਛੇ ਕਾਰਨ ਉਨ੍ਹਾਂ ਦੀ ਘਰੇਲੂ ਸਿਆਸਤ ਨਾਲ ਜੁੜੇ ਹੋਏ ਹੈ।

ਯਾਦ ਰਹੇ ਕਿ ਜਸਟਿਨ ਟਰੂਡੋ ਦੇ ਸਹਿਯੋਗੀ ਐੱਨਡੀਪੀ ਆਗੂ ਜਗਮੀਤ ਸਿੰਘ ਹਨ ਜੋ ਖ਼ਾਲਿਸਤਾਨ ਪੱਖੀ ਹਨ ਅਤੇ ਇਸੇ ਕਰਕੇ ਵੀ ਟਰੂਡੋ ਦਾ ਖ਼ਾਲਿਸਤਾਨੀ ਵੱਖਵਾਦੀਆਂ ਪ੍ਰਤੀ ਰੁਖ਼ ਨਰਮ ਮੰਨਿਆ ਜਾਂਦਾ ਹੈ।

ਕੂਟਨੀਤਕ ਵਿਵਾਦ ਕਾਰਨ ਭਾਰਤ ਨੇ ਇਹ ਮੁੱਦਾ ਵੀ ਉਠਾਇਆ ਹੈ ਕਿ ਭਾਰਤ ਵਿਚ ਲੋੜੀਂਦੇ ਲੋਕਾਂ ਨੂੰ ਕੈਨੇਡਾ ਵਿਚ ਪਨਾਹ ਮਿਲਦੀ ਰਹੀ ਹੈ ਅਤੇ ਕੈਨੇਡਾ ਨੇ ਨਾ ਤਾਂ ਇਨ੍ਹਾਂ ਅਪਰਾਧੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੀ ਹਵਾਲਗੀ ਵਿਚ ਕੋਈ ਮਦਦ ਕੀਤੀ ਹੈ।

ਜਿੱਥੇ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਟਰੂਡੋ ਦਾ ਅਗਲਾ ਕਦਮ ਕੀ ਹੋਵੇਗਾ, ਉੱਥੇ ਇਹ ਸਮਝਣਾ ਵੀ ਦਿਲਚਸਪ ਹੋਵੇਗਾ ਕਿ ਦੋਵਾਂ ਦੇਸ਼ਾਂ ਵਿਚਾਲੇ ਇਸ ਵਿਵਾਦ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕੀ ਦਾਅ 'ਤੇ ਹੈ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

2024 ਦੀਆਂ ਚੋਣਾਂ 'ਤੇ ਨਜ਼ਰ

ਮਾਹਰਾਂ ਦੀ ਮੰਨੀਏ ਤਾਂ ਕੈਨੇਡਾ ਨਾਲ ਵਿਵਾਦ ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਯਕੀਨੀ ਤੌਰ 'ਤੇ ਇਸ ਗੱਲ 'ਤੇ ਨਜ਼ਰ ਹੋਵੇਗੀ ਕਿ ਇਸ ਘਟਨਾਕ੍ਰਮ ਨੂੰ ਦੇਸ਼ ਦੇ ਅੰਦਰ ਕਿਸ ਤਰ੍ਹਾਂ ਨਾਲ ਦੇਖਿਆ ਜਾਵੇਗਾ।

2019 ਦੀ ਲੋਕ ਸਭਾ ਚੋਣ ਮੁਹਿੰਮ ਵਿੱਚ, ਭਾਰਤੀ ਜਨਤਾ ਪਾਰਟੀ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਫਰਵਰੀ 2019 ਵਿੱਚ ਕੀਤੀ ਗਈ ਭਾਰਤੀ ਹਵਾਈ ਸੈਨਾ ਦੀ ਕਾਰਵਾਈ ਦਾ ਵਾਰ-ਵਾਰ ਜ਼ਿਕਰ ਕੀਤਾ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਦਾ ਫਾਇਦਾ ਵੀ ਪਾਰਟੀ ਨੂੰ ਮਿਲਿਆ। ਤਾਂ ਕੀ ਕੈਨੇਡਾ ਨਾਲ ਚੱਲ ਰਹੇ ਵਿਵਾਦ ਕਾਰਨ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ?

ਇੱਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਪਰ ਗ਼ੈਰ ਰਸਮੀ ਪੱਧਰ 'ਤੇ ਇਸ ਗੱਲ ਨੂੰ ਲੈ ਕੇ ਗਰਮਾ-ਗਰਮ ਚਰਚਾ ਚੱਲ ਰਹੀ ਹੈ ਕਿ ਕੀ ਅਸਲ ਵਿੱਚ ਭਾਰਤੀ ਏਜੰਟਾਂ ਨੇ ਕੈਨੇਡਾ ਦੀ ਧਰਤੀ 'ਤੇ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ ਹੋਵੇਗਾ।

ਵੀਡੀਓ ਕੈਪਸ਼ਨ, ਕੈਨੇਡਾ ਵਿੱਚ ਰਹਿੰਦੇ ਭਾਰਤੀ ਕੀ ਮੁਸ਼ਕਲਾਂ ਝੱਲ ਰਹੇ ਹਨ

ਸੱਤਾ ਵਿੱਚ ਵਾਪਸੀ ਦੀ ਸੰਭਾਵਨਾ

ਨੀਲਾਂਜਨ ਮੁਖੋਪਾਧਿਆਏ ਇੱਕ ਲੇਖਕ ਅਤੇ ਰਾਜਨੀਤਕ ਵਿਸ਼ਲੇਸ਼ਕ ਹਨ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਹੇ ਜਾਣ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਰਗੇ ਵਿਸ਼ਿਆਂ 'ਤੇ ਕਿਤਾਬਾਂ ਲਿਖੀਆਂ ਹਨ।

ਉਹ ਕਹਿੰਦੇ ਹਨ, "ਪ੍ਰਧਾਨ ਮੰਤਰੀ ਦੀ ਨਜ਼ਰ ਸੱਤਾ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਵਧਾਉਣ 'ਤੇ ਹਨ। ਇਸ ਲਈ ਉਹ ਵਿਦੇਸ਼ਾਂ ਨਾਲ ਸਬੰਧਾਂ ਨੂੰ ਲੈ ਕੇ ਚਿੰਤਤ ਨਹੀਂ ਹੋਣਗੇ।"

"ਮੈਨੂੰ ਲੱਗਦਾ ਹੈ ਕਿ ਹਾਲਾਤ ਓਨੇ ਸੁਖਾਵੇਂ ਨਹੀਂ ਹਨ ਜਿੰਨੇ ਇਸ ਸਾਲ ਜਨਵਰੀ 'ਚ ਦਿਖ ਰਹੇ ਸਨ। ਮੋਦੀ ਕੋਲ ਵਾਪਸੀ ਦੀਆਂ ਸੰਭਾਵਨਾਵਾਂ ਬਾਰੇ ਚਿੰਤਤ ਹੋਣ ਦੇ ਕਾਰਨ ਹੋਣਗੇ ਅਤੇ ਇਸ 'ਤੇ ਧਿਆਨ ਹੋਵੇਗਾ।"

ਉਹ ਕਹਿੰਦੇ ਹਨ ਕਿ 2019 ਦੇ ‘ਘਰ ਵਿੱਚ ਵੜ ਕੇ ਮਾਰਨ' ਵਾਲੀ ਗੱਲ ਦਾ ਇਸ ਵਾਰ ਵਿਆਪਕ ਤੌਰ 'ਤੇ ਪ੍ਰਚਾਰ ਕਰਨਾ ਮੁਸ਼ਕਲ ਹੋਣ ਵਾਲਾ ਹੈ।

"ਭਾਰਤ ਇਹ ਨਹੀਂ ਕਹਿ ਸਕਦਾ ਕਿ ਉਸ ਨੇ ਕੈਨੇਡਾ ਵਿੱਚ ਦਾਖ਼ਲ ਹੋ ਕੇ ਮਾਰਿਆ। ਇਹ ਜਨਤਕ ਮੰਚਾਂ ਵਿੱਚ ਨਹੀਂ ਕਿਹਾ ਜਾ ਸਕਦਾ। ਤੁਸੀਂ ਇਸਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਕਹਿ ਸਕਦੇ ਹੋ।"

ਮੁਖੋਪਾਧਿਆਏ ਦਾ ਮੰਨਣਾ ਹੈ ਕਿ ਇਸ ਸਾਰੀ ਘਟਨਾ ਕਾਰਨ ਸਰਕਾਰ ‘ਘਰ 'ਚ ਵੜ ਕੇ ਮਾਰਨ’ ਦੀ ਗੱਲ ਰਾਹੀਂ ਦੇਸ਼ ਵਿੱਚ ਮਰਦਾਨਾ ਅਕਸ ਪੇਸ਼ ਕਰਨ ਅਤੇ ਜਤਾਉਣ ਦੀ ਕੋਸ਼ਿਸ਼ ਕਰੇਗੀ ਕਿ ਹੁਣ ਭਾਰਤ ਦੇ ਏਜੰਟ ਪੱਛਮੀ ਦੇਸ਼ਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ।

ਹਰਦੀਪ ਸਿੰਘ ਨਿੱਝਰ
ਤਸਵੀਰ ਕੈਪਸ਼ਨ, ਹਰਦੀਪ ਸਿੰਘ ਨਿੱਝਰ

ਸਾਫਟ ਸਟੇਟ ਦਾ ਅਕਸ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ?

ਇਸ ਮਾਮਲੇ ਵਿੱਚ ਭਾਰਤ ਦੇ ਹੁਣ ਤੱਕ ਦੇ ਰੁਖ਼ ਨੇ ਇਸ ਗੱਲ ਵੱਲ ਵੀ ਧਿਆਨ ਖਿੱਚਿਆ ਹੈ ਕਿ ਕੀ ਭਾਰਤ ਆਪਣਾ ਸਾਫਟ ਸਟੇਟ (ਨਰਮ-ਰਾਜ) ਅਕਸ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ?

ਕੁਝ ਦਿਨ ਪਹਿਲਾਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਖ਼ਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਸੀ ਤਾਂ ਭਾਰਤ ਨੇ ਇਸ ਨੂੰ ਬੇਹੂਦਾ ਅਤੇ ਸਿਆਸੀ ਹਿੱਤਾਂ ਨਾਲ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਸੀ।

ਨਿੱਝਰ ਦੇ ਕਤਲ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਲਜ਼ਾਮਾਂ ਬਾਰੇ ਜਦੋਂ ਸੋਮਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਇਹ (ਇਸ ਤਰ੍ਹਾਂ ਦੇ ਕਤਲ) ਭਾਰਤ ਸਰਕਾਰ ਦੀ ਨੀਤੀ ਨਹੀਂ ਹੈ।

ਨਾਲ ਹੀ ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਖ਼ਾਸ ਅਤੇ ਢੁੱਕਵੀਂ ਜਾਣਕਾਰੀ ਹੈ ਤਾਂ ਉਹ ਭਾਰਤ ਨੂੰ ਦੱਸੇ ਅਤੇ ਭਾਰਤ ਇਸ 'ਤੇ ਵਿਚਾਰ ਕਰਨ ਲਈ ਤਿਆਰ ਹੈ।

ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੈਨੇਡਾ ਨੂੰ ਸਰਗਰਮ ਵੱਖਵਾਦੀ ਤਾਕਤਾਂ ਨਾਲ ਸਬੰਧਤ ਸੰਗਠਿਤ ਅਪਰਾਧ ਅਤੇ ਉਨ੍ਹਾਂ ਦੀ ਲੀਡਰਸ਼ਿਪ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ।

ਜੈਸ਼ੰਕਰ ਨੇ ਇਹ ਵੀ ਕਿਹਾ ਕਿ ਪ੍ਰਸੰਗ ਤੋਂ ਬਿਨਾਂ ਤਸਵੀਰ ਪੂਰੀ ਨਹੀਂ ਹੁੰਦੀ ਅਤੇ ਇਹ ਵੀ ਦੇਖਣਾ ਹੋਵੇਗਾ ਕਿ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਨੇ ਵੱਖਵਾਦੀ ਤਾਕਤਾਂ, ਹਿੰਸਾ ਅਤੇ ਕੱਟੜਵਾਦ ਨਾਲ ਸਬੰਧਤ ਬਹੁਤ ਸਾਰੇ ਸੰਗਠਿਤ ਅਪਰਾਧ ਦੇਖੇ ਹਨ ਅਤੇ ਇਹ ਸਭ ਡੂੰਘਾਈ ਨਾਲ ਆਪਸ ਵਿੱਚ ਰਲਿਆ-ਮਿਲਿਆ ਹੈ।

ਬੀਬੀਸੀ
ਇਹ ਵੀ ਪੜ੍ਹੋ-

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੈਨੇਡਾ ਨੂੰ ਵੱਡੀ ਗਿਣਤੀ ਵਿਚ ਹਵਾਲਗੀ ਦੀਆਂ ਬੇਨਤੀਆਂ ਕੀਤੀਆਂ ਹਨ ਅਤੇ ਉੱਥੇ ਅੱਤਵਾਦੀ ਨੇਤਾਵਾਂ ਦੀ ਪਛਾਣ ਕੀਤੀ ਗਈ ਹੈ।

ਡਾ. ਸੁਵਰੋਕਮਲ ਦੱਤਾ ਇੱਕ ਜਾਣੇ-ਪਛਾਣੇ ਰਾਜਨੀਤਕ, ਆਰਥਿਕ ਅਤੇ ਵਿਦੇਸ਼ ਨੀਤੀ ਦੇ ਮਾਹਰ ਹਨ।

ਉਹ ਕਹਿੰਦੇ ਹਨ, "ਜੇਕਰ ਤੁਸੀਂ ਅੱਜ ਦੇ ਭਾਰਤ ਦੇ ਅਕਸ ਦੀ ਤੁਲਨਾ 20 ਸਾਲ ਪਹਿਲਾਂ ਦੇ ਅਕਸ ਨਾਲ ਕਰੋ ਤਾਂ ਬਹੁਤ ਵੱਡਾ ਫਰਕ ਹੈ। ਪਹਿਲਾਂ ਕੋਈ ਵੀ ਭਾਰਤ ਨੂੰ ਨਿਸ਼ਾਨਾ ਬਣਾ ਸਕਦਾ ਸੀ। ਅਸੀਂ ਦੇਖਿਆ ਕਿ ਕੈਨੇਡਾ ਵਿੱਚ ਏਅਰ ਇੰਡੀਆ ਦੇ ਹਾਈਜੈਕ ਅਤੇ ਧਮਾਕੇ ਨਾਲ ਕੀ ਹੋਇਆ ਸੀ ਅਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।"

"ਕਿਉਂ? ਕਿਉਂਕਿ ਭਾਰਤ ਨੂੰ ਇੱਕ ਬਹੁਤ ਹੀ ਕਮਜ਼ੋਰ ਅਤੇ ਨਾਜ਼ੁਕ ਦੇਸ਼ ਮੰਨਿਆ ਜਾਂਦਾ ਸੀ। ਇਹ ਭਾਰਤ ਦਾ ਅਕਸ ਸੀ। ਪਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ, ਇਹ ਅਕਸ ਪੂਰੀ ਤਰ੍ਹਾਂ ਬਦਲ ਗਿਆ ਹੈ।"

"ਹੁਣ ਭਾਰਤ ਸਪੱਸ਼ਟ ਤੌਰ 'ਤੇ ਅਣਸੁਖਾਵੇਂ ਮੁੱਦਿਆਂ ਤੋਂ ਪਰਹੇਜ਼ ਕੀਤੇ ਬਿਨਾਂ ਉਨ੍ਹਾਂ ਮੁੱਦਿਆਂ 'ਤੇ ਬੋਲ ਰਿਹਾ ਹੈ।"

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਦਾਅ 'ਤੇ ਬਹੁਤ ਕੁਝ

ਖ਼ਾਲਿਸਤਾਨ ਦੇ ਮੁੱਦੇ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਜ਼ਿਆਦਾਤਰ ਸੁਹਿਰਦ ਰਹੇ ਹਨ।

ਤਾਜ਼ਾ ਕੂਟਨੀਤਕ ਵਿਵਾਦ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਸਕਦਾ ਹੈ, ਜਿਸ ਦਾ ਸਿੱਧਾ ਅਸਰ ਵਪਾਰ ਅਤੇ ਆਰਥਿਕ ਸਹਿਯੋਗ 'ਤੇ ਪੈ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਨਜ਼ਰ ਇਸ ਗੱਲ 'ਤੇ ਵੀ ਰਹੇਗੀ ਕਿ ਇਸ ਵਿਵਾਦ ਨਾਲ ਨਜਿੱਠਣ ਲਈ ਉਨ੍ਹਾਂ ਦੀ ਰਣਨੀਤੀ 'ਤੇ ਦੁਨੀਆ ਭਰ ਦੇ ਦੇਸ਼ ਉਨ੍ਹਾਂ ਬਾਰੇ ਕੀ ਧਾਰਨਾ ਬਣਾਉਂਦੇ ਹਨ।

ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਰਹਿੰਦੇ ਹਨ ਅਤੇ ਅਜਿਹਾ ਕੂਟਨੀਤਕ ਵਿਵਾਦ ਇਨ੍ਹਾਂ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਨੀਲੰਜਨ ਮੁਖੋਪਾਧਿਆਏ ਅਨੁਸਾਰ, ਇਹ ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਵਿਵਾਦ ਕਾਰਨ "ਕਿਸੇ ਕਿਸਮ ਦੀ ਅੰਦਰੂਨੀ ਅਸ਼ਾਂਤੀ ਵੀ ਭੜਕ ਸਕਦੀ ਹੈ, ਖ਼ਾਸ ਕਰਕੇ ਪੰਜਾਬ ਵਿੱਚ ਸਿੱਖਾਂ ਅਤੇ ਗ਼ੈਰ-ਸਿੱਖਾਂ ਵਿਚਕਾਰ।"

ਉਹ ਕਹਿੰਦੇ ਹਨ, "ਜੇਕਰ ਅਜਿਹਾ ਕੁਝ ਹੁੰਦਾ ਹੈ, ਤਾਂ ਇਹ ਮੋਦੀ ਨੂੰ ਆਪਣਾ ਹਿੰਦੂ ਵੋਟ ਬੈਂਕ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।"

ਵੀਡੀਓ ਕੈਪਸ਼ਨ, ਭਾਰਤ-ਕੈਨੇਡਾ ਵਿਵਾਦ ਉੱਤੇ ਕੈਨੇਡੀਅਨ ਪੰਜਾਬੀ ਕੀ ਕਹਿ ਰਹੇ ਹਨ

'ਪੀਐੱਮ ਮੋਦੀ ਦੇ ਅਕਸ 'ਕੇ ਕੋਈ ਅਸਰ ਨਹੀਂ'

ਡਾਕਟਰ ਸੁਵਰੋਕਮਲ ਦੱਤਾ ਦਾ ਕਹਿਣਾ ਹੈ ਕਿ ਜਦੋਂ ਘਰੇਲੂ ਮਜਬੂਰੀਆਂ ਜਾਂ ਘਰੇਲੂ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਘੱਟ ਦਾਅ 'ਤੇ ਲੱਗਿਆ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ, "ਭਾਰਤ ਅਤੇ ਕੈਨੇਡਾ ਦੇ ਵਿਵਾਦ ਦਾ ਪੀਐੱਮ ਮੋਦੀ ਦੇ ਅਕਸ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ।"

ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਮਿਸਾਲ ਦਿੰਦਿਆਂ ਡਾਕਟਰ ਦੱਤਾ ਨੇ ਪੱਛਮੀ ਦੇਸ਼ਾਂ ਦੇ ਦੋਹਰੇ ਮਾਪਦੰਡਾਂ ਦਾ ਮੁੱਦਾ ਵੀ ਉਠਾਇਆ।

ਪਰ ਇਸ ਦੇ ਨਾਲ ਹੀ ਉਹ ਇਹ ਵੀ ਦਾਅਵਾ ਕਰਦੇ ਹਨ ਕਿ ਨਿੱਝਰ ਮਾਮਲੇ ਵਿੱਚ ਜੋ ਕੁਝ ਹੋਇਆ ਉਹ ਆਪਸੀ ਗੈਂਗ ਵਾਰ ਹੈ।

ਉਹ ਕਹਿੰਦੇ ਹਨ, "ਅੱਤਵਾਦੀ ਆਪਸ ਵਿੱਚ ਲੜ ਰਹੇ ਹਨ ਅਤੇ ਇੱਕ ਦੂਜੇ ਨੂੰ ਮਾਰ ਰਹੇ ਹਨ। ਭਾਰਤ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਡਾ. ਦੱਤਾ ਅਨੁਸਾਰ, "ਭਾਰਤ ਅੱਜ 'ਗਲੋਬਲ ਦੱਖਣ ਦਾ ਨਿਰਵਿਵਾਦ ਨੇਤਾ' ਹੈ ਅਤੇ 'ਪੱਛਮ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਹੈ'। ਸਾਰੇ ਪ੍ਰਮੁੱਖ ਪੱਛਮੀ ਦੇਸ਼ ਜਾਣਦੇ ਹਨ ਕਿ ਮੌਜੂਦਾ ਭੂ-ਰਾਜਨੀਤਕ ਸਥਿਤੀ ਵਿੱਚ ਉਹ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਨ।"

"ਜੇਕਰ ਉਹ ਅਜਿਹਾ ਕਰਦੇ ਹਨ ਤਾਂ ਇਹ ਉਨ੍ਹਾਂ ਦੇ ਆਪਣੇ ਸਿਆਸੀ ਅਤੇ ਆਰਥਿਕ ਹਿੱਤਾਂ ਲਈ ਆਤਮਘਾਤੀ ਹੋਵੇਗਾ। ਇਸ ਲਈ ਅਸੀਂ ਟਰੂਡੋ ਨੂੰ ਅਲੱਗ-ਥਲੱਗ ਹੁੰਦੇ ਦੇਖ ਰਹੇ ਹਾਂ।"

ਜੋਅ ਬਾਈਡਨ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

'ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਰਹੇ ਹਨ'

ਨੀਲਾਂਜਨ ਮੁਖੋਪਾਧਿਆਏ ਦਾ ਕਹਿਣਾ ਹੈ ਕਿ ਭਾਰਤ ਜਾਣਦਾ ਹੈ ਕਿ ਅਮਰੀਕਾ ਭਾਰਤ ਤੋਂ ਪੂਰੀ ਤਰ੍ਹਾਂ ਆਪਣਾ ਪੱਲਾ ਨਹੀਂ ਝਾੜੇਗਾ ਕਿਉਂਕਿ ਚੀਨ ਨੂੰ ਕਾਬੂ ਕਰਨ ਲਈ ਉਸ ਨੂੰ ਭਾਰਤ ਦੀ ਲੋੜ ਹੈ।

ਉਹ ਕਹਿੰਦੇ ਹਨ, "ਜਦੋਂ ਤੱਕ ਭਾਰਤ ਜਾਂਚ 'ਚ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਸਹਿਮਤ ਨਹੀਂ ਹੁੰਦਾ, ਜਿਸ ਦੀ ਘੱਟੋ-ਘੱਟ ਅਧਿਕਾਰਤ ਤੌਰ 'ਤੇ ਬਹੁਤ ਘੱਟ ਸੰਭਾਵਨਾ ਨਹੀਂ ਜਾਪਦੀ ਹੈ, ਉਦੋਂ ਤੱਕ ਇਸ ਸਥਿਤੀ 'ਤੇ ਕਾਬੂ ਪਾਉਣਾ ਇੱਕ ਮੁਸ਼ਕਲ ਗੱਲ ਹੋਣ ਵਾਲੀ ਕਿਉਂਕਿ ਅਮਰੀਕਾ ਨੇ ਕਿਹਾ ਸੀ ਕਿ ਉਹ ਫਾਈਵ ਆਈਜ਼ ਗਠਜੋੜ ਤੋਂ ਖ਼ੁਫ਼ੀਆ ਜਾਣਕਾਰੀ ਸੀ, ਜਿਸ ਦੇ ਆਧਾਰ 'ਤੇ ਟਰੂਡੋ ਇਹ ਇਲਜ਼ਾਮ ਲਗਾ ਸਕਣ।"

ਮੁਖੋਪਾਧਿਆਏ ਦਾ ਕਹਿਣਾ ਹੈ ਕਿ ਕੂਟਨੀਤਕ ਤੌਰ 'ਤੇ ਭਾਰਤ ਨੂੰ ਇਸ ਸਥਿਤੀ 'ਚੋਂ ਕੱਢਣਾ ਬਹੁਤ ਮੁਸ਼ਕਲ ਹੋਵੇਗਾ, ਜਿਸ 'ਚ ਉਹ ਫਸਿਆ ਹੋਇਆ ਹੈ।

ਉਹ ਕਹਿੰਦੇ ਹਨ, "ਭਾਰਤ-ਕੈਨੇਡਾ ਸਬੰਧਾਂ ਵਿੱਚ ਗਿਰਾਵਟ ਆਉਣ ਵਾਲੀ ਹੈ। ਲੋਕਾਂ ਨਾਲ ਲੋਕਾਂ ਦੇ ਸਬੰਧਾਂ ਵਿੱਚ ਸਮੱਸਿਆਵਾਂ ਆਉਣਗੀਆਂ ਜੋ ਘਰੇਲੂ ਪੱਧਰ 'ਤੇ ਮੋਦੀ ਦੀਆਂ ਸਮੱਸਿਆਵਾਂ ਨੂੰ ਵਧਾਉਣ ਵਾਲੀਆਂ ਹਨ ਕਿਉਂਕਿ ਬਾਵਜੂਦ ਇਸ ਦੇ ਕਿ ਕੈਨੇਡਾ ਕਥਿਤ ਤੌਰ 'ਤੇ ਭਾਰਤ ਵਿਰੋਧੀ ਖ਼ਾਲਿਸਤਾਨੀ ਤਾਕਤਾਂ ਨੂੰ ਮਜਬੂਤ ਕਰਨ ਲਈ ਕੁਝ ਵੀ ਕਰ ਲਏ ਪਰ ਭਾਰਤੀ, ਕੈਨੇਡਾ ਨੂੰ ਆਪਣੇ ਲਈ ਭਵਿੱਖ ਦੇ ਦੇਸ਼ ਵਜੋਂ ਦੇਖਦੇ ਹਨ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)