ਆਕਸਫ਼ੋਰਡ ਯੂਨੀਵਰਸਿਟੀ 'ਚ ਲਗਾਇਆ ਗਿਆ ਲੰਗਰ, ਜਾਣੋ ਇਸ ਪ੍ਰਥਾ ਦਾ ਕੀ ਹੈ ਇਤਿਹਾਸ ਤੇ ਮਹੱਤਵ

ਲੰਗਰ

ਹਾਲ ਹੀ ਵਿੱਚ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਪਹਿਲੀ ਵਾਰ ਲੰਗਰ ਦਾ ਪ੍ਰਬੰਧ ਕੀਤਾ ਤੇ ਸੇਵਾ ਨਿਭਾਈ। ਇਸ ਵਿੱਚ ਲਗਭਗ 100 ਲੋਕਾਂ ਨੇ ਹਿੱਸਾ ਲਿਆ।

ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਮਾਈਕਲ-ਅਕੋਲੇਡ ਅਯੋਦੇਜੀ ਨੇ ਕਿਹਾ ਕਿ ਲੰਗਰ 'ਚ ਸੇਵਾ ਕਰਨਾ ਵਾਕਈ ਇੱਕ "ਅਦਭੁਤ ਅਨੁਭਵ" ਸੀ।

ਮਿਨਰੀਤ ਕੌਰ ਦੀ ਰਿਪੋਰਟ ਮੁਤਾਬਕ, ਸਮਾਗਮ ਵਿੱਚ ਹਰ ਮਹਿਮਾਨ ਨੂੰ ਸਿਰ ਢਕਣ ਲਈ ਖਾਸ ਰੁਮਾਲੇ ਦਿੱਤੇ ਗਏ, ਜਿਨ੍ਹਾਂ 'ਤੇ ਉਨ੍ਹਾਂ ਦੇ ਨਾਮ ਵੀ ਲਿਖੇ ਹੋਏ ਸਨ।

ਇਸ ਦੌਰਾਨ ਰੋਡਸ ਸਕਾਲਰ ਅਤੇ ਆਕਸਫੋਰਡ ਸਿੱਖ ਸੁਸਾਇਟੀ ਦੇ ਗ੍ਰੈਜੂਏਟ ਪ੍ਰਧਾਨ ਸੇਰੇਨ ਸਿੰਘ ਨੇ ਸਿੱਖ ਕਦਰਾਂ-ਕੀਮਤਾਂ ਬਾਰੇ ਇੱਕ ਪ੍ਰੈਜੈਂਟੇਸ਼ਨ ਵੀ ਦਿੱਤੀ।

ਉਨ੍ਹਾਂ ਕਿਹਾ, "ਮੈਨੂੰ ਉਮੀਦ ਹੈ ਕਿ ਇਹ ਲੰਗਰ ਨਾ ਸਿਰਫ਼ ਯੂਨੀਵਰਸਿਟੀ ਦੇ ਹਾਜ਼ਰੀਨਾਂ ਲਈ, ਸਗੋਂ ਹੋਰ ਲੋਕਾਂ ਲਈ ਵੀ ਇੱਕ ਸਾਲਾਨਾ ਪਰੰਪਰਾ ਬਣੇਗਾ, ਖਾਸ ਕਰਕੇ ਉਨ੍ਹਾਂ ਲਈ ਜੋ ਇਸ ਸਮੇਂ ਆਕਸਫੋਰਡ ਵਿੱਚ ਬੇਘਰ ਹਨ ਜਾਂ ਭੁੱਖੇ ਹਨ।"

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਂਦੇ ਸਮੇਂ ਵਿੱਚ ਕਮਜ਼ੋਰ ਲੋਕਾਂ ਲਈ ਹੋਰ ਮੁਫਤ ਲੰਗਰਾਂ ਦੀ ਸ਼ੁਰੂਆਤ ਹੋਵੇਗੀ।

ਉਨ੍ਹਾਂ ਦੇ ਸੰਬੋਧਨ ਮਗਰੋਂ, ਰਵਾਇਤੀ ਭਾਰਤੀ ਸ਼ਾਸਤਰੀ ਸਾਜ਼ਾਂ ਦੇ ਨਾਲ ਸਿੱਖ ਕੀਰਤਨ ਕੀਤਾ ਗਿਆ ਅਤੇ ਅੰਤ ਵਿੱਚ ਸਭ ਨੇ ਮਿਲ ਕੇ ਪੰਗਤ 'ਚ ਬੈਠ ਕੇ ਲੰਗਰ ਛਕਿਆ।

ਲੰਗਰ
ਲਾਈਨ

ਮੁਸੀਬਤ, ਕੁਦਰਤੀ ਆਪਦਾ, ਪ੍ਰਦਰਸ਼ਨਾਂ ਆਦਿ ਦੌਰਾਨ ਲੰਗਰ

  • ਗੁਰਦੁਆਰਿਆਂ ਵਿੱਚ ਲੰਗਰ ਤੋਂ ਇਲਾਵਾ, ਵੱਖ-ਵੱਖ ਸਮੇਂ 'ਤੇ ਜ਼ਰੂਰਤ ਅਨੁਸਾਰ ਵੱਖ-ਵੱਖ ਗੁਰਦੁਆਰਿਆਂ ਅਤੇ ਸੰਸਥਾਵਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ।
  • ਜਿਸ ਵੇਲੇ ਕਿਸਾਨ ਦਿੱਲੀ ਦੇ ਬਾਡਰਾਂ 'ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਮਹੀਨਿਆਂ ਬੱਧੀ ਅੰਦੋਲਨ ਵਿੱਢੀ ਬੈਠੇ ਸਨ, ਉਸ ਵੇਲੇ ਲਗਾਤਾਰ ਚੱਲਦੇ ਲੰਗਰਾਂ ਨੇ ਇਸ ਅੰਦੋਲਨ ਨੂੰ ਬਹੁਤ ਮਜ਼ਬੂਤੀ ਦਿੱਤੀ ਸੀ।
  • ਇੱਥੇ ਨਾ ਸਿਰਫ਼ ਕਿਸਾਨ ਬਲਕਿ ਹਰ ਰੋਜ਼ ਅੰਦੋਲਨ ਦੇਖਣ ਆਉਂਦੇ ਲੋਕ ਤੇ ਆਲੇ-ਦੁਆਲੇ ਦੇ ਬਹੁਤ ਸਾਰੇ ਜ਼ਰੂਰਤਮੰਦ ਲੋਕ ਲੰਗਰ ਛਕਦੇ ਸਨ।
  • ਇਸ ਦੌਰਾਨ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਤੋਂ ਵੀ ਲੋਕਾਂ ਅਤੇ ਸੰਥਾਵਾਂ ਨੇ ਲੰਗਰਾਂ ਦੇ ਆਯੋਜਨ ਕੀਤੇ ਸਨ ਅਤੇ ਖਾਣੇ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਜਿਵੇਂ ਕੱਪੜੇ, ਦਵਾਈਆਂ, ਕਿਤਾਬਾਂ ਅਤੇ ਸਿਹਤ ਸਹੂਲਤਾਂ ਦੇ ਵੀ ਮੁਫ਼ਤ ਲੰਗਰ ਲੱਗੇ ਸਨ।
  • ਇਸੇ ਤਰ੍ਹਾਂ ਕੋਰੋਨਾ ਮਹਾਮਾਰੀ ਦੇ ਸਮੇਂ ਵੀ ਵੱਖ-ਵੱਖ ਥਾਵਾਂ 'ਤੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ। ਜਿਸ ਵਿੱਚ ਕੋਵਿਡ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ, ਲੋਕਾਂ ਤੱਕ ਖਾਣਾ ਪਹੁੰਚਾਇਆ ਜਾਂਦਾ ਸੀ।
  • ਨੇਪਾਲ 'ਚ ਆਇਆ ਭੂਚਾਲ ਹੋਵੇ ਜਾਂ ਗੁਜਰਾਤ 'ਚ ਆਇਆ ਭੂਚਾਲ, ਗੁਰਦੁਆਰਿਆਂ ਅਤੇ ਹੋਰ ਸੇਵਾ ਸੰਸਥਾਵਾਂ ਵੱਲੋਂ ਰਾਹਤ ਕਾਰਜਾਂ ਵਿੱਚ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ।
ਲਾਈਨ
ਲੰਗਰ

ਤਸਵੀਰ ਸਰੋਤ, Getty Images

ਲੰਗਰ ਕੀ ਹੁੰਦਾ ਹੈ?

ਲੰਗਰ

ਤਸਵੀਰ ਸਰੋਤ, Getty Images

ਲੰਗਰ ਇੱਕ ਅਜਿਹੀ ਵਿਵਸਥਾ ਹੈ ਜਿਸ ਵਿੱਚ ਲੋਕਾਂ ਨੂੰ ਮੁਫ਼ਤ ਖਾਣਾ ਖੁਆਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਭੁੱਖੇ ਲੋਕਾਂ ਦਾ ਢਿੱਡ ਭਰਨਾ ਅਤੇ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰ ਖ਼ਤਮ ਕਰਨਾ ਹੈ।

ਲੰਗਰ ਵਿੱਚ ਹਰ ਧਰਮ, ਜਾਤੀ ਦੇ ਲੋਕ, ਪੁਰਸ਼-ਔਰਤਾਂ ਸਭ ਪੰਗਤ 'ਚ ਬੈਠ ਕੇ ਇਕੱਠਿਆਂ ਲੰਗਰ ਛਕਦੇ ਹਨ।

ਲੰਗਰ ਦਾ ਖਰਚ ਆਮ ਤੌਰ 'ਤੇ ਗੁਰਦੁਆਰਿਆਂ ਅਤੇ ਲੰਗਰ ਸੰਸਥਾਵਾਂ ਨੂੰ ਮਿਲਣ ਵਾਲੇ ਦਾਨ ਤੋਂ ਚੱਲਦਾ ਹੈ।

ਇਸ ਵਿੱਚ ਲੋਕ ਸੇਵਾ ਭਾਵ ਨਾਲ ਪੈਸੇ ਤੋਂ ਲੈ ਕੇ ਲੰਗਰ ਵਰਤਾਉਣ, ਭਾਂਡੇ ਮਾਂਜਣ ਆਦਿ ਸਾਰੇ ਤਰ੍ਹਾਂ ਦੇ ਕੰਮ ਕਰਦੇ ਹਨ।

ਇੱਕ ਹੋਰ ਖਾਸ ਗੱਲ ਇਹ ਕਿ ਗੁਰੂ ਸਾਹਿਬਾਨਾਂ ਨੇ ਲੰਗਰ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੂੰ ਵੀ ਅੱਗੇ ਰੱਖਿਆ ਜੋ ਕਿ ਅੱਜ ਵੀ ਜਾਰੀ ਹੈ।

ਮਹਿਲਾਵਾਂ ਮੁੱਖ ਤੌਰ 'ਤੇ ਖਾਣਾ ਪਕਾਉਣ ਦਾ ਕੰਮ ਕਰਦੀਆਂ ਹਨ ਤੇ ਬੱਚੇ ਲੰਗਰ ਵਰਤਾਉਣ ਦਾ ਕੰਮ ਸੰਭਾਲਦੇ ਹਨ।

ਲੰਗਰ ਵਿੱਚ ਕਿਸੇ ਲਈ ਕੋਈ ਫਰਕ ਨਹੀਂ ਹੁੰਦਾ। ਹਰ ਕੋਈ ਸੇਵਾ ਕਰ ਸਕਦਾ ਹੈ ਤੇ ਹਰ ਕੋਈ ਲੰਗਰ ਛਕ ਸਕਦਾ ਹੈ।

ਲੰਗਰ ਦੀ ਪ੍ਰਥਾ ਦਾ ਇਤਿਹਾਸ ਕੀ ਹੈ?

ਲੰਗਰ

ਤਸਵੀਰ ਸਰੋਤ, Getty Images

ਲੰਗਰ ਸ਼ਬਦ ਫਾਰਸੀ ਭਾਸ਼ਾ ਤੋਂ ਆਇਆ ਹੈ, ਜਿਸ ਦਾ ਸ਼ਾਬਦਿਕ ਅਰਥ ਹੈ ਉਹ ਥਾਂ ਜਿੱਥੇ ਗਰੀਬਾਂ ਜਾਂ ਅਨਾਥਾਂ ਨੂੰ ਅੰਨ ਦਾ ਦਾਨ ਮਿਲੇ।

ਪੰਜਾਬੀ ਪੀਡੀਆ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਕੁਝ ਵਿਦਵਾਨਾਂ ਦਾ ਮਤ ਹੈ ਕਿ ਇਸ ਸ਼ਬਦ ਦੀ ਵਰਤੋਂ 12ਵੀਂ-13ਵੀਂ ਸਦੀ ਵਿੱਚ ਸੂਫ਼ੀਆਂ ਦੇ ਡੇਰਿਆਂ 'ਤੇ ਹੋਈ ਸੀ। ਉਸ ਵੇਲੇ ਉਨ੍ਹਾਂ ਡੇਰਿਆਂ 'ਤੇ ਭੋਜਨ ਵੰਡਿਆ ਜਾਂਦਾ ਸੀ ਅਤੇ ਹੁਣ ਵੀ ਕਈ ਸੂਫ਼ੀ ਡੇਰਿਆਂ 'ਤੇ ਅਜਿਹਾ ਦੇਖਿਆ ਜਾਂਦਾ ਹੈ।

ਸਿੱਖ ਧਰਮ 'ਚ ਇਸ ਪ੍ਰਥਾ ਦਾ ਆਰੰਭ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਤੋਂ ਮੰਨਿਆ ਜਾਂਦਾ ਹੈ।

ਗੁਰੂ ਨਾਨਕ ਦੇਵ ਨੇ ਜਦੋਂ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਇਸ ਨੇ ਸਮਾਜਿਕ ਭਾਈਚਾਰੇ ਨੂੰ ਬਹੁਤ ਵਧਾਇਆ, ਕਿਉਂਕਿ ਲੰਗਰ ਵਿੱਚ ਸਾਰਿਆਂ ਨੇ ਬਿਨਾਂ ਕਿਸੇ ਭੇਦ ਭਾਵ ਜਾਂ ਵਿਤਕਰੇ ਦੇ ਇਕੱਠਿਆਂ ਬੈਠ ਕੇ ਖਾਣਾ ਹੁੰਦਾ ਸੀ।

ਇਸੇ ਤਰ੍ਹਾਂ, ਇਸ ਦੇ ਨਾਲ ਪੰਗਤ ਵੀ ਜੁੜ ਗਿਆ। ਪੰਗਤ ਦਾ ਅਰਥ ਹੁੰਦਾ ਹੈ ਕਤਾਰ, ਲੰਗਰ ਸਮੇਂ ਪੰਗਤ ਵਿੱਚ ਬੈਠ ਕੇ ਖਾਣ ਦਾ ਮਤਲਬ ਹੈ ਇੱਕੋ ਕਤਾਰ 'ਚ ਬੈਠ ਕੇ ਖਾਣਾ।

ਲੰਗਰ

ਤਸਵੀਰ ਸਰੋਤ, Getty Images

ਗੁਰੂ ਨਾਨਕ ਦੇਵ ਤੋਂ ਬਾਅਦ ਦੇ ਗੁਰੂ ਸਾਹਿਬਾਨਾਂ ਨੇ ਵੀ ਇਸ ਪ੍ਰਥਾ ਨੂੰ ਜਾਰੀ ਰੱਖਿਆ ਤੇ ਇਸ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਈ।

ਇਤਿਹਾਸ ਦੀਆਂ ਕਿਤਾਬਾਂ ਵਿੱਚ ਇਸ ਸਬੰਧੀ ਵੀ ਉਲੇਖ ਮਿਲਦੇ ਹਨ ਕਿ ਇੱਕ ਵਾਰ ਜਦੋਂ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਨੂੰ ਮਿਲਣ ਗੋਇੰਦਵਾਲ ਆਏ ਸਨ, ਤਾਂ ਉਨ੍ਹਾਂ ਨੂੰ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕਣਾ ਪਿਆ ਸੀ।

ਬਾਅਦ ਦੇ ਸਮੇਂ ਵਿੱਚ ਇਹ ਪ੍ਰਥਾ ਇਸੇ ਤਰ੍ਹਾਂ ਜਾਰੀ ਰਹੀ ਅਤੇ ਅੱਜ ਵੀ ਜਾਰੀ ਹੈ।

ਨਾ ਸਿਰਫ਼ ਗੁਰਦੁਆਰਿਆਂ ਬਲਕਿ ਜ਼ਰੂਰਤ ਦੇ ਹਿਸਾਬ ਨਾਲ ਸਿੱਖ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ।

ਹਰਿਮੰਦਰ ਸਾਹਿਬ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਜਗੀਰਾਂ ਕੀਤੀਆਂ ਹੋਈਆਂ ਸਨ, ਤਾਂ ਜੋ ਲੰਗਰ ਦੀ ਸੇਵਾ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕੇ।

ਹਰਿਮੰਦਰ ਸਾਹਿਬ ਵਿਖੇ ਦੁਨੀਆਂ ਦਾ ਸਭ ਤੋਂ ਵੱਡਾ ਲੰਗਰ

ਹਰਿਮੰਦਰ ਸਾਹਿਬ

ਤਸਵੀਰ ਸਰੋਤ, ANI

ਹਰਿਮੰਦਰ ਸਾਹਿਬ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਇੱਥੇ ਚੱਲਣ ਵਾਲਾ ਲੰਗਰ ਦੁਨੀਆਂ ਦਾ ਸਭ ਤੋਂ ਵੱਡਾ ਲੰਗਰ ਹੈ।

ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਰੋਜ਼ਾਨਾ 1 ਲੱਖ ਲੋਕ ਲੰਗਰ ਛਕਦੇ ਹਨ। ਕਿਸੇ ਖਾਸ ਮੌਕੇ ਜਾਂ ਛੁੱਟੀ ਵਾਲੇ ਦਿਨ ਇਹ ਸੰਖਿਆ ਲਗਭਗ ਦੁੱਗਣੀ ਹੋ ਜਾਂਦੀ ਹੈ।

ਇੱਥੇ ਵੱਖ-ਵੱਖ ਪਰਿਵਾਰਾਂ ਵੱਲੋਂ ਵੀ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ।

ਇੱਥੇ ਇੱਕ ਦਿਨ ਵਿੱਚ ਲਗਭਗ 100 ਕੁਇੰਟਲ ਆਟਾ, 25 ਕੁਇੰਟਲ ਦਾਲਾਂ ਆਦਿ, 10 ਕੁਇੰਟਲ ਚੌਲ, 5000 ਲੀਟਰ ਦੁੱਧ, 10 ਕੁਇੰਟਲ ਖੰਡ ਅਤੇ 5 ਕੁਇੰਟਲ ਦੇਸੀ ਘਿਓ ਦਾ ਪ੍ਰਯੋਗ ਹੁੰਦਾ ਹੈ।

ਲੰਗਰ ਨਾਲ ਜੁੜੇ ਕੁਝ ਨਿਯਮ

ਲੰਗਰ

ਤਸਵੀਰ ਸਰੋਤ, Getty Images

ਸਿੱਖ ਵਿਕੀ ਵੈਬਸਾਈਟ ਦੀ ਜਾਣਕਾਰੀ ਮੁਤਾਬਕ, ਕਿਉਂਕਿ ਲੰਗਰ ਪ੍ਰਥਾ ਦਾ ਮਕਸਦ ਲੋਕਾਂ ਦਾ ਢਿੱਡ ਭਰਨਾ ਅਤੇ ਆਪਸੀ ਸਦਭਾਵਨਾ ਨੂੰ ਵਧਾਉਣਾ ਹੈ, ਇਸ ਲਈ ਲੰਗਰ ਤਿਆਰ ਕਰਨ, ਵਰਤਾਉਣ ਅਤੇ ਛਕਣ ਸਬੰਧੀ ਕੁਝ ਨਿਯਮ ਹਨ।

ਜਿਵੇਂ ਕਿ ਲੰਗਰ ਲਈ ਖਾਣਾ ਪਕਾਉਣ ਵਾਲਿਆਂ ਨੂੰ ਸਾਫ-ਸਫਾਈ ਦਾ ਵਧੇਰੇ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਨਾਲ ਹੀ ਲੰਗਰ ਬਣਾਉਣ ਜਾਂ ਇਸ ਦੌਰਾਨ ਸੇਵਾ ਕਰਨ ਵਾਲੇ ਸ਼ਰਧਾ ਤੇ ਸੇਵਾ ਭਾਵ ਨਾਲ ਹੀ ਸਾਰਾ ਕੰਮ ਕਰਦੇ ਹਨ।

ਲੰਗਰ ਪਕਾਉਣ ਵਾਲੇ ਆਪਣੇ ਸਿਰ ਅਤੇ ਮੂੰਹ ਵੀ ਢਕ ਕੇ ਰੱਖਦੇ ਹਨ।

ਲੰਗਰ ਵਰਤਾਉਣ ਤੋਂ ਪਹਿਲਾਂ ਲੰਗਰ ਦੇ ਇੱਕ ਹਿੱਸੇ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਪੇਸ਼ ਕੀਤਾ ਜਾਂਦਾ ਹੈ ਅਤੇ ਅਰਦਾਸ ਤੋਂ ਬਾਅਦ ਇਸ ਨੂੰ ਬਾਕੀ ਦੇ ਸਾਰੇ ਲੰਗਰ ਵਿੱਚ ਮਿਲਾ ਕੇ ਸੰਗਤ ਨੂੰ ਵਰਤਾਇਆ ਜਾਂਦਾ ਹੈ।

ਲੰਗਰ ਵਰਤਾਉਣ ਵਾਲੇ, ਲੰਗਰ ਛਕ ਰਹੇ ਕਿਸੇ ਵੀ ਵਿਅਕਤੀ ਦੇ ਹੱਥ ਜਾਂ ਪਲੇਟ ਆਦਿ ਨੂੰ ਨਹੀਂ ਛੂੰਹਦੇ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹਨ।

ਇਸ ਦੇ ਨਾਲ ਹੀ, ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖਾਣੇ ਦੀ ਬਰਬਾਦੀ ਨਾ ਕੀਤੀ ਜਾਵੇ।

ਇਸ ਦੌਰਾਨ ਪਰੋਸਿਆ ਜਾਣ ਵਾਲਾ ਭੋਜਨ ਤਾਜ਼ਾ ਅਤੇ ਸਾਦਗੀ ਨਾਲ ਬਣਿਆ ਹੁੰਦਾ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)