ਮਹੂਆ ਮੋਇਤਰਾ ਲੋਕ ਸਭਾ ’ਚੋਂ ਬਾਹਰ ਪਰ ਦਾਨਿਸ਼ ਅਲੀ ਬਾਰੇ 'ਅਪਸ਼ਬਦ' ਬੋਲਣ ਵਾਲੇ ਭਾਜਪਾ ਐੱਮਪੀ ਬਿਧੂੜੀ ਦੇ ਕੇਸ ਦਾ ਕੀ ਹੋਇਆ

ਦਾਨਿਸ਼ ਅਲੀ ਮੋਹੂਆ ਮੋਇਤਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਾਨਿਸ਼ ਅਲੀ ਨੇ ਵਿਸ਼ੇਸ਼ ਅਧਿਕਾਰਾਂ ਬਾਰੇ ਕਮੇਟੀ ਨਾਲ ਸ਼ਿਕਾਇਤ ਕੀਤੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
  • ਲੇਖਕ, ਦਿਲਨਵਾਜ਼ ਪਾਸ਼ਾ
  • ਰੋਲ, ਬੀਬੀਸੀ ਪੱਤਰਕਾਰ

21 ਸਤੰਬਰ 2023 ਨੂੰ ਭਾਰਤੀ ਸੰਸਦ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਬਹੁਜਨ ਸਮਾਜ ਪਾਰਟੀ ਦੇ ਕੁੰਵਰ ਦਾਨਿਸ਼ ਅਲੀ ਦੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ।

ਬਿਧੂੜੀ ਨੇ ਦਾਨਿਸ਼ ਅਲੀ ਦੇ ਭਾਈਚਾਰੇ ਵੱਲ ਇਸ਼ਾਰਾ ਕਰਦੇ ਹੋਏ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਇਹ ਸਦਨ ਦੀ ਕਾਰਵਾਈ ਦੇ ਦੌਰਾਨ ਵੀ ਪ੍ਰਸਾਰਿਤ ਹੋਇਆ ਸੀ।

ਦਾਨਿਸ਼ ਅਲੀ ਨੇੇ ਇਸ ਮਾਮਲੇ ਬਾਰੇ ਸੰਸਦ ਦੀ ਵਿਸ਼ੇਸ਼ ਅਧਿਕਾਰਾਂ ਬਾਰੇ ਕਮੇਟੀ ਨੂੰ ਸ਼ਿਕਾਇਤ ਕੀਤੀ ਹੈ। ਹਾਲਾਂਕਿ, ਕੁੰਵਰ ਦਾਨਿਸ਼ ਅਲੀ ਨੇ ਬੀਬੀਸੀ ਨੂੰ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਦੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੈ।

ਵਿਸ਼ੇਸ਼ ਅਧਿਕਾਰਾਂ ਬਾਰੇ ਕਮੇਟੀ ਨੇ ਵੀਰਵਾਰ ਨੂੰ ਇਸ ਮਾਮਲੇ ‘ਤੇ ਪਹਿਲੀ ਸੁਣਵਾਈ ਕੀਤੀ ਸੀ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਮੇਸ਼ ਬਿਧੂੜੀ ਨੇ ਸੰਸਦੀ ਕਮੇਟੀ ਦੇ ਸਾਹਮਣੇ ਆਪਣੀ ਭਾਸ਼ਾ ਉੱਤੇ ਅਫ਼ਸੋਸ ਜ਼ਾਹਰ ਕੀਤਾ ਸੀ।

ਬੀਬੀਸੀ ਇਸਦੀ ਪੁਸ਼ਟੀ ਨਹੀਂ ਕਰਦਾ।

ਮਹੂਆ ਮੋਇਤਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹੂਆ ਮੋਇਤਰਾ ਅਕਤੂਬਰ ਵਿੱਚ ਇੱਕ ਰੈਲੀ ਦੌਰਾਨ ਬੋਲਦੇ ਹੋਏ

ਮੋਹੂਆ ਨੂੰ ਕੱਢੇ ਜਾਣ ਬਾਰੇ ਰਾਜਨੀਤੀ

ਮੋਹੂਆ ਮੋਇਤਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੋਹੂਆ ਮੋਇਤਰਾ

ਵੀਰਵਾਰ ਨੂੰ ਸੰਸਦ ਦੀ ਐਥਿਕਸ ਕਮੇਟੀ ਦੀ ਰਿਪੋਰਟ ਸਦਨ ਵਿੱਚ ਪੇਸ਼ ਹੋਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੋਹੂਆ ਮੋਹਿਤਰਾ ਨੂੰ ਲੋਕ ਸਭਾ ਤੋਂ ਬਾਹਰ ਕੱਢ ਦਿੱਤਾ ਗਿਆ।

ਮੋਹੂਆ ਮੋਇਤਰਾ ‘ਤੇ ਸਦਨ ਵਿੱਚ ਸੁਆਲ ਪੁੱਛਣ ਦੇ ਬਦਲੇ ਪੈਸੇ ਲੈਣ ਦੇ ਇਲਜ਼ਾਮ ਹਨ। ਮੋਹੂਆ ਨੇ ਇਨ੍ਹਾਂ ਇਲਜ਼ਾਮਾਂ ਨੂੰ ਵਾਰ-ਵਾਰ ਸਿਰੇ ਤੋਂ ਨਕਾਰਿਆ ਹੈ।

ਭਾਜਪਾ ਵੱਲੋਂ ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਨੇ ਮੋਹੂਆ ਮੋਇਤਰਾ ਦੀ ਸ਼ਿਕਾਇਤ ਸੰਸਦੀ ਕਮੇਟੀ ਕੋਲ ਕੀਤੀ ਸੀ, ਜਿਸਦੀ ਸਿਫ਼ਾਰਿਸ਼ ਤੋਂ ਬਾਅਦ ਮੋਹੂਆ ਨੂੰ ਬਾਹਰ ਕੱਢ ਦਿੱਤਾ ਗਿਆ।

ਵਿਰੋਧੀ ਦਲਾਂ ਨੇ ਜਿੱਥੇ ਇਸ ਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਦੱਸਿਆ ਹੈ, ਉੱਥੇ ਹੀ ਸਰਕਾਰ ਦਾ ਇਹ ਕਹਿਣਾ ਹੈ ਕਿ ਸਭ ਕੁਝ ਨਿਯਮਾਂ ਦੇ ਤਹਿਤ ਹੋਇਆ ਹੈ।

ਮੋਹੂਆ ਮੋਇਤਰਾ ਨੂੰ ਬਾਹਰ ਕੱਢੇ ਜਾਣ ਬਾਰੇ ਭਾਜਪਾ ਆਗੂ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ, “ਉਨ੍ਹਾਂ (ਮੋਹੂਆ) ਕੋਲੋਂ ਸੁਆਲ ਦੇ ਬਦਲੇ ਵਿੱਚ ਪੈਸੇ ਲੈਣ ਬਾਰੇ ਪੁੱਛਿਆ ਗਿਆ ਸੀ, ਉਨ੍ਹਾਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਨੇ ਤੋਹਫ਼ੇ ਲਏ, ਹੁਣ ਹੋਰ ਕੀ ਸਬੂਤ ਚਾਹੀਦੇ ਹਨ।”

ਉੱਥੇ ਹੀ ਪੱਛਮੀ ਬੰਗਾਲ ਵਿੱਚ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਹੈ, “ਮੋਹੂਆ ਨੂੰ ਸਦਾਚਾਰ ਕਮੇਟੀ ਦੇ ਸਾਹਮਣੇ ਬੁਲਾਇਆ ਗਿਆ ਸੀ, ਜੇਕਰ ਉਨ੍ਹਾਂ ਨੇ ਜੁਆਬ ਦੇਣਾ ਸੀ ਤਾਂ ਉਹ ਉੱਥੇ ਦਿੰਦੇ।”

ਮਾਮਲਾ ਕੀ ਹੈ?

ਮਹੂਆ ਮੋਇਤਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹੂਆ ਮੋਇਤਰਾ

14 ਅਕਤੂਬਰ ਨੂੰ ਵਕੀਲ ਜੈ ਅਨੰਤ ਦੇਹਾਦ੍ਰਾਈ, ਜੋ ਮਹੂਆ ਦੇ ਸਾਬਕਾ ਦੋਸਤ ਵੀ ਹਨ, ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਸਦੀ ਕਾਪੀ ਲੋਕਸਭਾ ਸਪੀਕਰ ਓਮ ਬਿਰਲਾ ਨੂੰ ਵੀ ਭੇਜ ਦਿੱਤੀ ਸੀ।

ਇਸ ਸ਼ਿਕਾਇਤ ਤੋਂ ਬਾਅਦ ਨਿਸ਼ੀਕਾਂਤ ਦੂਬੇ ਨੇ ਸਪੀਕਰ ਨੂੰ ਚਿੱਠੀ ਲਿਖਕੇ ਮਹੂਆ ਨੂੰ ਤੁਰੰਤ ਬਾਹਰ ਕੱਢਣ ਦੀ ਮੰਗ ਕੀਤੀ ਸੀ।

ਦੂਬੇ ਨੇ ਮਹੂਆ ‘ਤੇ ਕਾਰੋਬਾਰੀ ਹੀਰਾਨੰਦਾਨੀ ਕੋਲੋਂ ਰਿਸ਼ਵਤ ਲੈਕੇ ਕਾਰੋਬਾਰੀ ਗੌਤਮ ਅਡਾਨੀ ਦੇ ਖ਼ਿਲਾਫ਼ ਸੰਸਦ ਵਿੱਚ ਸੁਆਲ ਪੁੱਛਣ ਦੇ ਇਲਜ਼ਾਮ ਲਾਏ ਗਏ ਸਨ।

ਸਦਨ ਵਿੱਚ ਦਾਨਿਸ਼ ਅਲੀ ਨੂੰ ਲੈ ਕੇ ਵਿਵਾਦ 21 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਮਹੂਆ ਨੂੰ ਲੈ ਕੇ ਅਕਤੂਬਰ ਦੇ ਦੂਜੇ ਹਫ਼ਤੇ ਵਿੱਚ, ਮਹੂਆ ਦੇ ਮਾਮਲੇ ਵਿੱਚ ਕਾਰਵਾਈ ਕਰਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਜਦਕਿ ਦਾਨਿਸ਼ ਅਲੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਦੇ ਮਾਮਲੇ ਵਿੱਚ ਕਾਰਵਾਈ ਹਾਲੇ ਵੀ ਲਟਕੀ ਹੋਈ ਹੈ।

ਨਿਸ਼ੀਕਾਂਤ ਦੂਬੇ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨਿਸ਼ੀਕਾਂਤ ਦੂਬੇ

ਦਾਨਿਸ਼ ਅਲੀ ਨੇ ਬੀਬੀਸੀ ਨੂੰ ਦੱਸਿਆ, “ਮੇਰੇ ਮਾਮਲੇ ਵਿੱਚ ਹਾਲੇ ਤੱਕ ਕੁਝ ਨਹੀਂ ਹੋਇਆ ਹੈ। ਜੇ ਕੁਝ ਹੋਵੇਗਾ ਤਾਂ ਹੀ ਸਾਹਮਣੇ ਆਵੇਗਾ। ਅੱਜ ਇੱਕ ਸੱਤਾ ਪੱਖ ਦੀ ਸੰਸਦ ਮੈਂਬਰ ਕਹਿ ਰਹੀ ਸੀ ਕਿ ਮੋਹੂਆ ਮੋਇਤਰਾ ਦਾ ਲੌਗ ਇਨ ਕਿਸੇ ਹੋਰ ਥਾਂ ਤੋਂ ਹੋਇਆ ਅਤੇ ਇਸ ਨਾਲ ਸੰਸਦ ਦੀ ਮਰਿਆਦਾ ਭੰਗ ਹੋਈ।“

“ਮੈਂ ਇਸ ਉੱਤੇ ਪੁੱਛਿਆ ਕਿ 21 ਸਤੰਬਰ ਨੂੰ ਰਮੇਸ਼ ਬਿਧੂੜੀ ਨੇ ਇੱਕ ਪੂਰੇ ਭਾਈਚਾਰੇ ਨੂੰ ਸੰਸਦ ਵਿੱਚ ਗਾਲ ਕੱਢੀ, ਇੱਕ ਚੁਣੇ ਹੋਏ ਨੁਮਾਇੰਦੇ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ, ਕੀ ਇਸ ਨਾਲ ਸੰਸਦ ਦੀ ਮਰਿਆਦਾ ਭੰਗ ਨਹੀਂ ਹੋਈ?”

ਦਾਨਿਸ਼ ਅਲੀ ਮੰਨਦੇ ਹਨ ਕਿ ਮੋਹੂਆ ਮੋਇਤਰਾ ਨੂੰ ਲੋਕ ਸਭਾ ਤੋਂ ਕੱਢਿਆ ਜਾਣਾ ਅੰਨਿਆ ਹੈ।

ਰਮੇਸ਼ ਬਿਧੂੜੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦੱਖਣੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ

ਦਾਨਿਸ਼ ਅਲੀ ਦੇ ਮਾਮਲੇ ਵਿੱਚ ਵਿਸ਼ੇਸ਼ ਅਧਿਕਾਰਾਂ (ਪ੍ਰਿਵਿਲਜ) ਬਾਰੇ ਕਮੇਟੀ ਨੇ ਵੀਰਵਾਰ ਨੂੰ ਸੁਣਵਾਈ ਕੀਤੀ ਸੀ। ਦਾਨਿਸ਼ ਅਲੀ ਦਾ ਕਹਿਣਾ ਹੈ ਕਿ, ਹੁਣ ਦੇਖਣਾ ਹੈ ਕਿ ਇਸ ਵਿੱਚੋਂ ਕੀ ਨਿਕਲਦਾ ਹੈ।”

ਉਹ ਕਹਿੰਦੇ ਹਨ, “ਬਹੁਮਤ ਦਾ ਮਤਲਬ ਇਹ ਨਹੀਂ ਹੈ ਕਿ ਸੰਸਦੀ ਕਮੇਟੀ ਜਾਂ ਸਦਨ ਸਿਰਫ਼ ਬਹੁਮਤ ਦੇ ਆਧਾਰ ‘ਤੇ ਕਿਸੇ ਨੂੰ ਵੀ ਫ਼ਾਂਸੀ ‘ਤੇ ਲਟਕਾ ਦਵੋ, ਅੱਜ ਗਾਂਧੀ ਅਤੇ ਭੀਮ ਰਾਓ ਅੰਬੇਡਕਰ ਦੀ ਆਤਮਾ ਰੋ ਰਹੀ ਹੋਵੇਗੀ।''

“ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਵਿਰੋਧੀ ਧਿਰ ਦੀ ਇੱਕ ਮੁੱਖ ਸੰਸਦ ਮੈਂਬਰ ਨੂੰ ਇਸ ਤਰੀਕੇ ਸਦਨ ਤੋਂ ਬਾਹਰ ਕੱਢ ਦਿੱਤਾ ਜਾਵੇਗਾ।“

“ਨਾ ਕੋਈ ਕ੍ਰਾਸ ਐਗਜ਼ਾਮਿਨੇਸ਼ਨ ਹੋਇਆ, ਨਾ ਵਿਸਥਾਰ ਵਿੱਚ ਜਾਂਚ ਹੋਈ, ਸਿਰਫ਼ ਭਾਜਪਾ ਸੰਸਦ ਮੈਂਬਰ ਦੀ ਇੱਕ ਸ਼ਿਕਾਇਤ ਅਤੇ ਸਹੁੰ ਪੱਤਰ ਦੇ ਆਧਾਰ ‘ਤੇ ਇੱਕ ਸੰਸਦ ਮੈਂਬਰ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ, ਜਦਕਿ ਸਹੁੰ ਪੱਤਰ ਦੇਣ ਵਾਲੇ ਨੇ ਨਾ ਕੋਈ ਮੁਕੱਦਮਾ ਕੀਤਾ, ਨਾ ਪੈਸੇ ਦੇਣ ਦੇ ਇਲਜ਼ਾਮ ਲਾਏ, ਇਹ ਬਹੁਤ ਗਲਤ ਹੋਇਆ ਹੈ।”

ਕੁੰਵਰ ਦਾਨਿਸ਼ ਅਲੀ ਦਾ ਸੁਆਲ

ਰਮੇਸ਼ ਬਿਧੂੜੀ

ਤਸਵੀਰ ਸਰੋਤ, MAHUA MOITRA/X

ਆਪਣੇ ਮਾਮਲੇ ਉੱਤੇ ਕਾਰਵਾਈ ਨਾ ਹੋਣ ‘ਤੇ ਦਾਨਿਸ਼ ਅਲੀ ਕਹਿੰਦੇ ਹਨ, “ਜਿੱਥੇ ਤੱਕ ਮੇਰੇ ਮਾਮਲੇ ਦਾ ਸੁਆਲ ਹੈ, ਇਸ ਵਿੱਚ ਕਾਰਵਾਈ ਕਰਨ ਦੇ ਲਈ ਕੋਈ ਸੰਵਿਧਾਨਕ ਚੁਣੌਤੀ ਨਹੀਂ ਹੈ, ਪਰ ਸਰਕਾਰ ਦੀ ਮਨਸ਼ਾ ਨਹੀਂ ਹੈ।”

“ਭਾਜਪਾ ਆਪਣੀ ਤਾਕਤ ਦੀ ਗਲਤ ਵਰਤੋਂ ਕਰ ਰਹੀ ਹੈ, ਮੈਂ ਸਦਾਚਾਰ ਕਮੇਟੀ ਵਿੱਚ ਸੀ, ਜਿਸ ਤਰ੍ਹਾਂ ਦੇ ਭੱਦੇ ਸੁਆਲ ਮਹੂਆ ਤੋਂ ਪੁੱਛੇ ਜਾ ਰਹੇ ਹਨ, ਇਸਦੇ ਵਿਰੋਧ ਵਿੱਚ ਅਸੀਂ ਪੰਜ ਸੰਸਦ ਮੈਂਬਰ ਬਾਹਰ ਚਲੇ ਗਏ ਸੀ।”

ਉਹ ਕਹਿੰਦੇ ਹਨ, “ਇੱਕ ਮਹਿਲਾ ਸੰਸਦ ਮੈਂਬਰ ਨੂੰ ਬੇਇਜ਼ਤ ਕੀਤਾ ਜਾ ਰਿਹਾ ਸੀ ਅਤੇ ਜਦੋਂ ਅਸੀਂ ਉਸਦਾ ਵਿਰੋਧ ਕੀਤਾ ਤਾਂ ਸੰਸਦੀ ਕਮੇਟੀ ਨੇ ਸਾਡੇ ਖ਼ਿਲਾਫ਼ ਹੀ ਸਿਫ਼ਾਰਿਸ਼ ਕਰ ਦਿੱਤੀ ਕਿ ਸਾਡਾ ਵਿਵਹਾਰ ਠੀਕ ਨਹੀਂ ਸੀ, ਅਸੀਂ ਇੱਕ ਔਰਤ ਸੰਸਦ ਮੈਂਬਰ ਨੂੰ ਬੇਇਜ਼ਤ ਹੋਣ ਤੋਂ ਬਚਾ ਰਹੇ ਸੀ, ਉਦੋਂ ਸਾਡਾ ਵਿਵਹਾਰ ਠੀਕ ਨਹੀਂ ਸੀ ਪਰ ਜਦੋਂ ਰਮੇਸ਼ ਬਿਧੂੜੀ ਨੇ ਇੱਕ ਸੰਸਦ ਮੈਂਬਰ ਨੂੰ ਉਸਦੇ ਭਾਈਚਾਰੇ ਨੂੰ ਸਾਰਿਆਂ ਸਾਹਮਣੇ ਗਾਹਲ ਕੱਢੀ ਸੀ ਉਦੋਂ ਭਾਜਪਾ ਦੇ ਮੁਤਾਬਕ ਉਨ੍ਹਾਂ ਦਾ ਵਿਵਹਾਰ ਸਹੀ ਸੀ। ਇਹ ਸੱਤਾ ਪੱਖ ਦੇ ਦੋਹਰੇ ਮਾਪਦੰਡਾਂ ਨੂੰ ਦਰਸਾਉਂਦਾ ਹੈ।”

ਦਾਨਿਸ਼ ਅਲੀ ਮੰਨਦੇ ਹਨ ਕਿ ਸਰਕਾਰ ਦੀ ਮਨਸ਼ਾ ਬਿਧੂੜੀ ਉੱਤੇ ਕਾਰਵਾਈ ਕਰਨ ਦੀ ਨਹੀਂ ਹੈ।

ਉਹ ਕਹਿੰਦੇ ਹਨ, “ਮੈਂ ਇਹੀ ਕਹਾਂਗਾ ਕਿ ਸਰਕਾਰ ਰਮੇਸ਼ ਬਿਧੂੜੀ ਉੱਤੇ ਕਾਰਵਾਈ ਕਰਨਾ ਚਾਹੁੰਦੀ ਤਾਂ ਕਰ ਦਿੰਦੀ, ਸਰਕਾਰ ਦੀ ਮਨਸ਼ਾ ਹੀ ਨਹੀ ਹੈ, ਸਦਨ ਜੇਕਰ ਚਾਹੁੰਦਾ ਤਾਂ ਜਿਸ ਦਿਨ ਦੀ ਇਹ ਘਟਨਾ ਹੋਈ ਸੀ, ਉਸੇ ਦਿਨ ਕਾਰਵਾਈ ਕਰ ਦਿੱਤੀ ਗਈ ਹੁੰਦੀ।”

“ਸਰਕਾਰ ਚਾਹੁੰਦੀ ਤਾਂ ਹੁਣ ਤੱਕ ਬਿਧੂੜੀ ਨੂੰ ਵੀ ਸਜ਼ਾ ਮਿਲ ਜਾਂਦੀ, ਮੈਂ ਉਨ੍ਹਾਂ ਨੂੰ ਬਰਖ਼ਾਸਤ ਕੀਤੇ ਜਾਣ ਦੀ ਮੰਗ ਕਰਦਾ ਰਿਹਾ ਹਾਂ, ਅੱਗੇ ਵੀ ਕਰਾਂਗਾ।”

ਇਹ ਵੀ ਪੜ੍ਹੋ-

ਰਮੇਸ਼ ਬਿਧੂੜੀ ਦਾ ਕੀ ਹੋਵੇਗਾ

ਰਮੇਸ਼ ਬਿਧੂੜੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਮੇਸ਼ ਬਿਧੂੜੀ

ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਰਲ ਵਿੱਚ ਹੁਣ ਤੱਕ ਲੋਕ ਸਭਾ ਦੇ 93 ਅਤੇ ਰਾਜ ਸਭਾ ਦੇ 48 ਸੰਸਦ ਮੈਂਬਰ ਨੂੰ ਵੱਖ-ਵੱਖ ਮੌਕਿਆ ‘ਤੇ ਵੱਖ-ਵੱਖ ਇਲਜ਼ਾਮਾਂ ਕਾਰਨ ਮੁਅੱਤਲ ਕੀਤਾ ਗਿਆ ਹੈ, ਇਹ ਸਭ ਤੋਂ ਵੱਧ ਹੈ। ਪਰ ਭਾਜਪਾ ਦੇ ਕਿਸੇ ਵੀ ਸੰਸਦ ਮੈਂਬਰ ਦੇ ਖ਼ਿਲਾਫ਼ ਅਜਿਹੀ ਕਾਰਵਾਈ ਨਹੀਂ ਕੀਤੀ ਗਈ।

ਪੱਤਰਕਾਰ ਹੇਮੰਤ ਅੱਤਰੀ ਮੋਹੂਆ ਮੋਇਤਰਾ ਉੱਤੇ ਕਾਰਵਾਈ ਨੂੰ ਲੋਕਤੰਤਰ ਦੇ ਲਈ ਕਾਲਾ ਦਿਨ ਮੰਨਦੇ ਹਨ।

ਹੇਮੰਤ ਅੱਤਰੀ ਕਹਿੰਦੇ ਹਨ ਕਿ ਕੁੰਵਰ ਦਾਨਿਸ਼ ਅਲੀ ਅਤੇ ਮੋਹੂਆ ਮੋਇਤਰਾ ਦੇ ਮਾਮਲੇ ਵਿੱਚ ਸਰਕਾਰ ਦਾ ਰਵੱਈਆ ਦਰਸਾਉਂਦਾ ਹੈ ਕਿ ਵੱਖ-ਵੱਖ ਲੋਕਾਂ ਦੇ ਲਈ ਵੱਖ ਵੱਖ ਮਾਪਦੰਡ ਹਨ।

ਉਹ ਕਹਿੰਦੇ ਹਨ ਕਿ ਬਿਧੂੜੀ ਵੱਲੋਂ ਸੰਸਦ ਵਿੱਚ ਵਰਤੇ ਗਏ ਅਪਸ਼ਬਦਾਂ ਤੋਂ ਬਾਅਦ ਤਾਂ ਕਿਸੇ ਜਾਂਚ ਤੱਕ ਦੀ ਵੀ ਲੋੜ ਨਹੀਂ ਸੀ।

“ਉਨ੍ਹਾਂ ਦੀ ਭਾਸ਼ਾ ਸੰਸਦ ਦੀ ਹਰ ਮਰਿਆਦਾ, ਕਾਨੂੰਨ ਅਤੇ ਵਿਵਹਾਰ ਦਾ ਉਲੰਘਣ ਸੀ।”

“ਹਰ ਚੀਜ਼ ਕੈਮਰੇ ਵਿੱਚ ਰਿਕਾਰਡ ਸੀ ਪਰ ਪਰਦੇ ਦੇ ਪਿੱਛੇ ਇੱਕ ਮੁਆਫ਼ੀ ਦੇ ਨਾਂਅ ਉੱਤੇ ਇੰਨੇ ਗੰਭੀਰ ਮਾਮਲੇ ਨੂੰ ਖ਼ਤਮ ਕਰ ਦੇਣਾ ਮੋਦੀ ਸਰਕਾਰ ਦੇ ਪੱਖਪਾਤ ਅਤੇ ਵਿਰੋਧੀਆਂ ਪ੍ਰਤੀ ਬਦਲੇ ਦੀ ਭਾਵਨਾ ਨੂੰ ਦਰਸਾਉਂਦਾ ਹੈ।”

ਸੰਸਦੀ ਕਮੇਟੀ ਨੇ ਬਿਧੂੜੀ ਨੂੰ ਨੋਟਿਸ ਦਿੱਤਾ ਹੈ।

ਮਹੂਆ ਮੋਇਤਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹੂਆ ਮੋਇਤਰਾ

ਪੱਤਰਕਾਰ ਹੇਮੰਤ ਅੱਤਰੀ ਕਹਿੰਦੇ ਹਨ ਕਿ ਇਸ ਸਭ ਸਿਰਫ਼ ਪ੍ਰਕਿਰਿਆ ਨੂੰ ਪਾਲਣ ਕਰਨ ਦੇ ਲਈ ਕੀਤਾ ਗਿਆ ਹੈ ਜੇਕਰ ਸਰਕਾਰ ਦੀ ਮਨਸ਼ਾ ਬਿਧੂੜੀ ਨੂੰ ਸਜ਼ਾ ਦੇਣ ਦੀ ਹੁੰਦਾ ਤਾਂ ਹੁਣ ਤੱਕ ਕਾਰਵਾਈ ਹੋ ਜਾਣੀ ਸੀ।

ਮੋਹੂਆ ਮੋਇਤਰਾ ਨੂੰ ਕੱਢੇ ਜਾਣ ਉੱਤੇ ਸੁਆਲ ਚੁੱਕਦੇ ਹੋਏ ਅੱਤਰੀ ਕਹਿੰਦੇ ਹਨ, “ਮਹੂਆ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਆਪਣਾ ਲੌਗ ਇੰਨ ਪਾਸਵਰਡ ਸ਼ੇਅਰ ਕੀਤਾ, ਮਹੂਆ ਨੇ ਜਦੋਂ ਅਜਿਹਾ ਕੀਤਾ ਉਦੋਂ ਅਜਿਹੇ ਕੋਈ ਨਿਯਮ ਨਹੀਂ ਸਨ ਜੋ ਅਜਿਹਾ ਕਰਨ ਤੋਂ ਰੋਕਦੇ।”

“ਹੁਣ ਭਾਵੇਂ ਹੀ ਦੋ ਦਿਨ ਪਹਿਲਾਂ ਇਸ ਨਾਲ ਜੁੜੇ ਨਿਯਮ ਬਣ ਗਏ ਹੋਣ। ਅਜਿਹੇ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਮਹੂਆ ਨੇ ਕਿਸੇ ਨਿਯਮ ਦੀ ਉਲੰਘਣਾ ਕੀਤੀ ਹੈ।”

ਅੱਤਰੀ ਕਹਿੰਦੇ ਹਨ, “ਮਹੂਆ ਉੱਤੇ ਜੋ ਇਲਜ਼ਾਮ ਹਨ, ਉਨ੍ਹਾਂ ਦਾ ਅਧਾਰ ਕਾਰੋਬਾਰੀ ਹੀਰਾਨੰਦਾਨੀ ਦਾ ਸਹੁੰ ਪੱਤਰ ਹੈ, ਪਰ ਇਸ ਸਹੁੰ ਪੱਤਰ ਵਿੱਚ ਵੀ ਹੀਰਾਨੰਦਾਨੀ ਨੇ ਮਹੁਆ ਉੱਤੇ ਪੈਸੇ ਲੈਣ ਦੇ ਇਲਜ਼ਾਮ ਨਹੀਂ ਲਾਏ ਹਨ।”

“ਇਸ ਵਿੱਚ ਕਿਤੇ ਵੀ ਪੈਸੇ ਦੇਣ ਦਾ ਜ਼ਿਕਰ ਨਹੀਂ ਹੈ।”

ਮਹੂਆ ਮੋਇਤਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹੂਆ ਮੋਇਤਰਾ ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਦੌਰਾਨ

“ਸੰਸਦੀ ਕਮੇਟੀ ਨੇ ਹੀਰਾਨੰਦਾਨੀ ਦੇ ਸਹੁੰ ਪੱਤਰ ਨੂੰ ਹੀ ਆਖ਼ਰੀ ਸੱਚ ਮੰਨ ਲਿਆ, ਨਾ ਹੀ ਉਨ੍ਹਾਂ ਤੋਂ ਸੁਆਲ ਪੁੱਛੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ।”

ਉਨ੍ਹਾਂ ਕਿਹਾ, “ਕਮੇਟੀ ਨੇ ਆਪਣੀ ਸਿਫ਼ਾਰਿਸ਼ ਵਿੱਚ ਆਪ ਕਿਹਾ ਹੈ ਕਿ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ, ਜਿਨ੍ਹਾਂ ਇਲਜ਼ਾਮਾਂ ਦੀ ਹਾਲੇ ਜਾਂਚ ਦੀ ਲੋੜ ਹੈ, ਉਨ੍ਹਾਂ ਦੇ ਅਧਾਰ ਉੱਤੇ ਹੀ ਇੰਨਾ ਵੱਡਾ ਨਿਰਣਾ ਲਿਆ ਗਿਆ।”

“ਸੁਆਲ ਇਹ ਹੈ ਕਿ ਕੀ ਜਾਂਚ ਕਰਨਾ ਸਦਾਚਾਰ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਸੀ? ਜੇਕਰ ਸਦਾਚਾਰ ਕਮੇਟੀ ਦੀ ਜ਼ਿੰਮੇਵਾਰੀ ਸੀ ਤਾਂ ਕੀ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕੀਤੀ?”

ਅੱਤਰੀ ਕਹਿੰਦੇ ਹਨ, “ਦਾਨਿਸ਼ ਅਲੀ ਦੇ ਮਾਮਲੇ ਵਿੱਚ ਜੋ ਵੀ ਇਲਜ਼ਾਮ ਹਨ, ਉਹ ਕੈਮਰੇ ਉੱਤੇ ਸਭ ਤੋਂ ਸਾਹਮਣੇ ਹਨ ਪਰ ਸਦਨ ਉਸ ਉੱਤੇ ਨਰਮ ਹੈ ਅਤੇ ਮਹੂਆ ਜਿਨ੍ਹਾਂ ਉੱਤੇ ਇਲਜ਼ਾਮ ਸਿੱਧ ਵੀ ਨਹੀਂ ਹੋਏ ਹਨ, ਉਨ੍ਹਾਂ ਉੱਤੇ ਸਖ਼ਤ ਹੈ।”

“ਇਹ ਸਰਕਾਰ ਦੇ ਦੋਹਰੇ ਰਵੱਈਏ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਦੀ ਮਨਸ਼ਾ ਉੱਤੇ ਗੰਭੀਰ ਸੁਆਲ ਖੜ੍ਹੇ ਕਰਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)