ਵਿਕਾਸ ਫੰਡ ਜਾਰੀ ਕਰਨ ਦੇ ਬਦਲੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਆਵਾਜ਼ ਦਾ ਨਮੂਨਾ ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਨੂੰ ਦਿੱਤੀ ਗਈ ਰਿਕਾਰਡਿੰਗ ਦੀ ਆਵਾਜ਼ ਨਾਲ ਮਿਲਦਾ ਪਾਇਆ ਗਿਆ ਹੈ।
ਦੀਪਕ ਸ਼ਰਮਾ, ਬਠਿੰਡਾ: ਵਿਕਾਸ ਫੰਡ ਜਾਰੀ ਕਰਨ ਦੇ ਬਦਲੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਆਵਾਜ਼ ਦਾ ਨਮੂਨਾ ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਨੂੰ ਦਿੱਤੀ ਗਈ ਰਿਕਾਰਡਿੰਗ ਦੀ ਆਵਾਜ਼ ਨਾਲ ਮਿਲਦਾ ਪਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਫੋਰੈਂਸਿਕ ਲੈਬ ਮੁਹਾਲੀ ਨੇ ਵਿਜੀਲੈਂਸ ਰੇਂਜ ਬਠਿੰਡਾ ਨੂੰ ਪੱਤਰ ਭੇਜ ਕੇ ਕੀਤੀ ਹੈ। ਭਾਵੇਂ ਕਿ ਸਥਾਨਕ ਪੱਧਰ ਦੇ ਅਧਿਕਾਰੀ ਇਸ ਸਬੰਧ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ 22 ਮਈ ਨੂੰ ਅਦਾਲਤ ਵਿਚ ਪੇਸ਼ੀ ਦੌਰਾਨ ਵਿਜੀਲੈਂਸ ਅਧਿਕਾਰੀਆਂ ਵੱਲੋਂ ਫੋਰੈਂਸਿਕ ਲੈਬ ਵੱਲੋਂ ਭੇਜੀ ਗਈ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪਟਿਆਲਾ ਜੇਲ੍ਹ ’ਚ ਬੰਦ ‘ਆਪ’ ਵਿਧਾਇਕ ਅਮਿਤ ਰਤਨ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਹੁਣ ਤੱਕ ਇਸ ਮਾਮਲੇ ’ਚ ਵਿਧਾਇਕ ਪੱਖ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਸਿਆਸੀ ਦੁਸ਼ਮਣੀ ’ਚ ਫਸਾਇਆ ਗਿਆ ਹੈ, ਪਰ ਰਿਕਾਰਡਿੰਗ ’ਚ ਉਹ ਪੈਸਿਆਂ ਦੇ ਲੈਣ-ਦੇਣ ਦੀ ਗੱਲ ਕਰ ਰਿਹਾ ਹੈ, ਜਿਸ ਕਾਰਨ ਵਿਜੀਲੈਂਸ ਲਗਾਤਾਰ ਉਸ ’ਤੇ ਸ਼ਕਿੰਜਾ ਕੱਸ ਰਹੀ ਹੈ ਅਤੇ ਉਕਤ ਆਵਾਜ਼ ਦੇ ਨਮੂਨੇ ਦੀ ਰਿਪੋਰਟ ਸਬੂਤ ਵਜੋਂ ਅਦਾਲਤ ’ਚ ਕਾਫੀ ਅਹਿਮ ਹੋਵੇਗੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਬਠਿੰਡਾ ਨੇ 22 ਫਰਵਰੀ ਨੂੰ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 16 ਫਰਵਰੀ ਨੂੰ ਉਸ ਦੇ ਪੀਏ ਰਿਸ਼ਮ ਗਰਗ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਲੈਬ ਦੀ ਰਿਪੋਰਟ ਤੋਂ ਤਕਨੀਕੀ ਪੁਸ਼ਟੀ ਵਿਜੀਲੈਂਸ ਦੇ ਕੇਸ ਨੂੰ ਮਜ਼ਬੂਤ ਕਰਦੀ ਜਾਪਦੀ ਹੈ। ਇਸ ਦੌਰਾਨ ਅਮਿਤ ਰਤਨ ਦੀ ਜ਼ਮਾਨਤ ਅਰਜ਼ੀ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ ਪਰ ਅਦਾਲਤ ਨੇ ਅਗਲੀ ਸੁਣਵਾਈ 22 ਮਈ ਨੂੰ ਤੈਅ ਕੀਤੀ ਹੈ।
ਵਿਜੀਲੈਂਸ ਰੇਂਜ ਬਠਿੰਡਾ ਨੇ ਅਮਿਤ ਰਤਨ ਖ਼ਿਲਾਫ਼ 17 ਅਪ੍ਰੈਲ ਨੂੰ ਬਠਿੰਡਾ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ, ਜਿਸ ਦੇ ਨਾਲ ਪੰਜ ਆਡੀਓ ਰਿਕਾਰਡਿੰਗਾਂ ਵੀ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿਚ ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ ਘੁੱਦਾ, ਪੀਏ ਰਿਸ਼ਮ ਗਰਗ ਅਤੇ ਵਿਧਾਇਕ ਅਮਿਤ ਰਤਨ ਵਿਚਕਾਰ ਗੱਲਬਾਤ ਹੋਈ। ਇਨ੍ਹਾਂ ਆਡੀਓ ਕਾਲਾਂ ਦੇ ਵਾਇਸ ਸੈਂਪਲ ਵਿਜੀਲੈਂਸ ਵੱਲੋਂ ਫੋਰੈਂਸਿਕ ਲੈਬ ਮੁਹਾਲੀ ਨੂੰ ਭੇਜੇ ਗਏ ਸਨ। ਅਮਿਤ ਰਤਨ ਨੇ ਅਦਾਲਤ ਵਿਚ ਮੰਗ ਕੀਤੀ ਸੀ ਕਿ ਬੋਰਡ ਬਣਾ ਕੇ ਸੈਂਪਲਾਂ ਦੀ ਜਾਂਚ ਕੀਤੀ ਜਾਵੇ। ਪੁਲਿਸ ਸੂਤਰਾਂ ਅਨੁਸਾਰ ਫੋਰੈਂਸਿਕ ਲੈਬ ਵਿਚ ਪੰਜ ਮੈਂਬਰੀ ਬੋਰਡ ਨੇ ਤਿੰਨਾਂ ਦੀ ਆਵਾਜ਼ ਦੇ ਨਮੂਨਿਆਂ ਦੀ ਜਾਂਚ ਕੀਤੀ, ਜਿਸ ਵਿਚ ਤਿੰਨਾਂ ਦੀ ਆਵਾਜ਼ ਦੇ ਨਮੂਨੇ ਮੇਲ ਖਾਂਦੇ ਹਨ। ਵਿਧਾਇਕ ਦਾ ਪੀਏ ਰਿਸ਼ਮ ਗਰਗ ਵੀ ਨਿਆਇਕ ਹਿਰਾਸਤ ਵਿਚ ਹੈ। ਇਸ ਦੇ ਨਾਲ ਹੀ ਵਿਜੀਲੈਂਸ ਨੇ ਪੀਏ ਰਿਸ਼ਮ ਦੇ ਘਰੋਂ 1.13 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਸ਼ਿਕਾਇਤਕਰਤਾ ਪ੍ਰਿਤਪਾਲ ਨੇ ਰਿਸ਼ਵਤਖੋਰੀ ਦਾ ਪਰਦਾਫਾਸ਼ ਕਰਨ ਲਈ ਅਗਸਤ 2022 ਤੋਂ ਆਪਣਾ ਮਿਸ਼ਨ ਸ਼ੁਰੂ ਕੀਤਾ ਸੀ। ਸਬੂਤ ਇਕੱਠੇ ਕਰਨ ਲਈ ਉਹ ਨਿਯਮਿਤ ਤੌਰ ’ਤੇ ਆਪਣੇ ਨਾਲ ਇਕ ਛੋਟਾ ਰਿਕਾਰਡਰ ਲੈ ਕੇ ਜਾਂਦਾ ਸੀ।