ਕੁਝ ਇਨ੍ਹਾਂ ਬਰੋਟੇ ਤੇ ਸਾਂਝੀਆਂ ਦੀ ਕਹਾਣੀ ਰਾਮ ਬਨਵਾਸ ਨਾਲ ਵੀ ਜੋਡ਼ਦੇ ਹਨ ਕਿ ਉਨ੍ਹਾਂ ਦੀ ਅਯੁੱਧਿਆ ਵਾਪਸੀ ਤਕ ਔਰਤਾਂ ਉਨ੍ਹਾਂ ਦੇ ਸੁੱਖ-ਸ਼ਾਂਤੀ ਨਾਲ ਵਾਪਸ ਆਉਣ ਦੀ ਕਾਮਨਾ ਨਾਲ ਇਹ ਬਰੋਟੇ ਲਗਾਉਂਦੀਆਂ ਸਨ।
ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾਡ਼ਾ ਸਾਹਿਬ : ਭਾਰਤ ਜਿੱਥੇ ਪੀਰਾਂ, ਫ਼ਕੀਰਾਂ ਦੀ ਧਰਤੀ ਹੋਣ ਕਾਰਨ ਇਸ ਦੇ ਚੱਪੇ-ਚੱਪੇ ਨੂੰ ਦੇਵ ਭੂਮੀ ਹੋਣ ਦਾ ਮਾਣ ਹੈ ਉੱਥੇ ਇਸ ਦੇਸ਼ ’ਚ ਵਸਦੇ ਲੋਕਾਂ ’ਚ ਵੀ ਬਹੁਤ ਸਾਰੇ ਅਜਿਹੇ ਰੀਤੀ-ਰਿਵਾਜ ਹਨ ਜਿਹੜੇ ਕਿ ਧਾਰਮਿਕ, ਅਧਿਆਤਮਕ, ਇਤਿਹਾਸਕ ਤੇ ਸਮਾਜਿਕ ਪੱਖ ਤੋਂ ਬਡ਼ੇ ਹੀ ਨਿੱਗਰ ਸੋਚ ਦੇ ਧਾਰਨੀ ਹਨ। ਇਨ੍ਹਾਂ ਰੀਤੀ-ਰਿਵਾਜਾਂ ’ਚੋਂ ਹੀ ਅੱਸੂ ਮਹੀਨੇ ’ਚ 15 ਸਰਾਧਾਂ ਤੋਂ ਬਾਅਦ ਆਉਂਦੇ 9 ਨਰਾਤਿਆਂ ਦੌਰਾਨ ਸਾਡੀਆਂ ਧੀਆਂ-ਧਿਆਣੀਆਂ ਵੱਲੋਂ ਬਰੋਟੇ ਤੇ ਸਾਂਝੀਆਂ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਦੀ ਇਕ ਵੱਖਰੀ ਹੀ ਮਹਾਨਤਾ ਹੈ।
ਇਹ ਬਰੋਟੇ ਤੇ ਸਾਂਝੇ ਰੀਤੀ-ਰਿਵਾਜ਼ ਬਾਰੇ ਗੱਲ ਕਰਨ ’ਤੇ ਕੁਝ ਬਜ਼ੁਰਗਾਂ ਨੇ ਦੱਸਿਆ ਕਿ ਨਰਾਤਿਆਂ ਤੋਂ ਪਹਿਲਾਂ ਚੱਲ ਰਹੇ ਸਰਾਧਾਂ ਦੇ ਦਿਨਾਂ ’ਚ ਹੀ ਇਨ੍ਹਾਂ ਦੀ ਤਿਆਰੀ ਕਰ ਦਿੱਤੀ ਜਾਂਦੀ ਹੈ। ਸਾਂਝੀ ਲਗਾਉਣ ਤੋਂ ਇਕ ਹਫ਼ਤਾ ਪਹਿਲਾਂ ਹੀ ਖੇਤਾਂ ’ਚੋਂ ਵਧੀਆ ਚੀਕਣੀ ਮਿੱਟੀ ਮੰਗਵਾ ਕੇ ਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਆਟੇ ਵਾਂਗ ਗੁੰਨ੍ਹ ਲਿਆ ਜਾਂਦਾ ਹੈ ਤੇ ਫਿਰ ਇਸ ਦੇ ਛੋਟੇ-ਛੋਟੇ ਸਿਤਾਰੇ ਬਣਾਏ ਜਾਂਦੇ ਹਨ। ਇਨ੍ਹਾਂ ਅਕ੍ਰਿਤੀਆਂ ’ਚ ਬਾਦਸ਼ਾਹ, ਬੇਗਮ, ਗੁਲਾਮ, ਚੋਰ, ਸਿਪਾਹੀ ਆਦਿ ਵੀ ਬਣਾਏ ਜਾਂਦੇ ਹਨ। ਮਿੱਟੀ ਦੇ ਬਰੋਟੇ ਦੇ ਪੱਤੇ, ਚੰਨ ਤੇ ਸੂਰਜ ਵੀ ਬਣਾਏ ਜਾਂਦੇ ਹਨ, ਕੁਝ ਪੰਛੀਆਂ ਦੀਆਂ ਅਕ੍ਰਿਤੀਆਂ ਵੀ ਬਣਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹੋਰ ਕਈ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਬਣਾਈਆਂ ਜਾਂਦੀਆਂ ਹਨ। ਫਿਰ ਇਨ੍ਹਾਂ ਨੂੰ ਕੁਝ ਦਿਨ ਧੁੱਪ ਲਗਾਉਣ ਤੋਂ ਬਾਅਦ ਜਦੋਂ ਇਹ ਸੁੱਕ ਜਾਂਦੇ ਹਨ ਤਾਂ ਇਨ੍ਹਾਂ ਉਪਰ ਚਿੱਟੀ ਕਲੀ ਕਰ ਦਿੱਤੀ ਜਾਂਦੀ ਹੈ। ਕੁਝ ਹੋਰ ਅਕ੍ਰਿਤੀਆਂ ਲਈ ਲਾਲ, ਹਰੇ ਰੰਗ ਵੀ ਵਰਤੇ ਜਾਂਦੇ ਹਨ।
ਦੂਸਰੇ ਦਿਨ ਤਕ ਇਹ ਅਕ੍ਰਿਤੀ ਸੁੱਕ ਜਾਂਦੀ ਹੈ ਤੇ ਨਰਾਤੇ ਦੇ ਪਹਿਲੇ ਦਿਨ ਕੁੜੀਆਂ ਇਕੱਠੀਆਂ ਹੋ ਕੇ ਆਪੋ-ਆਪਣੇ ਵਿੱਤ ਅਨੁਸਾਰ ਲੱਡੂ, ਮਖਾਣੇ, ਬਦਾਨਾ, ਚੂਰੀ, ਪਤਾਸੇ ਜਾਂ ਗੁਲਗੁਲੇ ਬਣਾ ਕੇ ਇਨ੍ਹਾਂ ਦੀ ਪੂਜਾ ਕਰਦੀਆਂ ਹਨ ਤੇ ਸਦੀਆਂ ਤੋਂ ਚੱਲੇ ਆ ਰਹੇ ਪੀਡ਼੍ਹੀ ਦਰ ਪੀਡ਼੍ਹੀ ਗੀਤਾਂ ਨੂੰ ਗੁਣਗੁਣਾਉਂਦੀਆਂ ਹਨ : ‘ਉਠ ਬਰੋਟਡ਼ਿਆ ਤੇਰਾ ਰੋਟੀ ਵੇਲਾ ਹੋਇਆ’, ‘ਉਠ ਚੱਲੇ ਜੀ ਸਾਡੇ ਰਾਮ ਵਣਾਂ ਨੂੰ, ਅਸੀਂ ਰਹਿ ਗਏ ਕੱਲੇ-ਕੱਲੇ ਜੀ’, ‘ਤੂੰ ਖੋਲ੍ਹ ਮਾਤਾ ਹਟਡ਼ੀ ਮੈਂ ਪੂਜਾਂ ਤੇਰੀ ਪਟਡ਼ੀ’, ਸਿੱਧੀ ਸਿੱਧੀ ਭਰਿਆ ਸੰਦੂਰ ਜਿਵੇਂ ਸਾਂਝੀ ਤੇਰਾ ਮੇਰਾ ਵੀਰ’,। ਸਾਂਝੀ ਮਾਈ ਦੇ ਗੀਤ ਕੁਝ ਇਸ ਤਰ੍ਹਾਂ ਹਨ : ‘ਸਾਂਝੀ ਮਾਈ ਪਟਡ਼ੇ ਖੋਲ੍ਹ, ਕੁਡ਼ੀਆਂ ਆਈਆਂ ਤੇਰੇ ਕੋਲ’, ‘ਤੂੰ ਜਾਗ ਸਾਂਝੀ ਜਾਗ, ਤੇਰੇ ਮੱਥੇ ਲੱਗੇ ਭਾਗ’। ਸਾਂਝੀ ਮਾਈ ਤੋਂ ਕੁਡ਼ੀਆਂ ਵੀਰ ਜੰਮਣ ਦੀ ਮੰਗ ਕਰਦੀਆਂ ਹਨ। ਜਲ ਪ੍ਰਵਾਹ ਕਰਨ ਸਮੇਂ ਕੁਡ਼ੀਆਂ ਇਸ ਤਰ੍ਹਾਂ ਗੀਤ ਗਾਉਂਦੀਆਂ ਹਨ ‘ਨਾ ਰੋ ਮੇਰੇ ਸਾਂਝੀਏ, ਵਰ੍ਹੇ ਦਿਨਾਂ ਨੂੰ ਫਿਰ ਆਵਾਂਗੇ ਤੈਨੂੰ ਫਿਰ ਲਿਆਵਾਂਗੇ।’
ਸਾਬਕਾ ਸਰਪੰਚ ਕਮਲਜੀਤ ਸਿੰਘ ਕਕਰਾਲਾ ਨੇ ਦੱਸਿਆ ਕਿ ਬਰੋਟਾ ਜਿਸ ਨੂੰ ਬੋਹਡ਼ ਦਾ ਦਰੱਖ਼ਤ ਵੀ ਕਹਿੰਦੇ ਹਨ ਇਸ ਨੂੰ ਬਹੁਤ ਹੀ ਭਾਗਸ਼ਾਲੀ ਮੰਨਿਆ ਜਾਂਦਾ ਹੈ। ਕਿਉਂਕਿ ਵੱਡੇ-ਵੱਡੇ ਰਿਸ਼ੀ-ਮੁਨੀ ਇਨ੍ਹਾਂ ਹੇਠਾਂ ਸਮਾਧੀਆਂ ਲਗਾ ਕੇ ਰੱਬ ਦੀ ਪ੍ਰਾਪਤੀ ਕਰਦੇ ਰਹੇ ਹਨ। ਵਿਗਿਆਨਕ ਪੱਖ ਤੋਂ ਵੀ ਇਹ ਰੁੱਖ ਦੂਸਰੇ ਰੁੱਖਾਂ ਨਾਲੋਂ ਇਕ ਹਜ਼ਾਰ ਗੁਣਾ ਵੱਧ ਆਕਸੀਜਨ ਦਿੰਦਾ ਹੈ। ਜਦਕਿ ਸਾਂਝੀ ਦੀ ਅਕ੍ਰਿਤੀ ਔਰਤ ਨਾਲ ਮਿਲਦੀ ਜੁਲਦੀ ਹੋਣ ਕਾਰਨ ਇਹ ਮੰਨਤ ਮੰਨੀ ਜਾਂਦੀ ਸੀ ਕਿ ਘਰ ’ਚ ਕਿਸੇ ਸੋਹਣੀ ਕੁਡ਼ੀ ਦਾ ਰਿਸ਼ਤਾ ਹੋ ਜਾਵੇ। ਮੁੰਡੇ ਦੀ ਮੰਨਤ ਮੰਗਣ ਲਈ ਬਰੋਟਾ ਲਗਾਇਆ ਜਾਂਦਾ ਸੀ।
ਕੁਝ ਇਨ੍ਹਾਂ ਬਰੋਟੇ ਤੇ ਸਾਂਝੀਆਂ ਦੀ ਕਹਾਣੀ ਰਾਮ ਬਨਵਾਸ ਨਾਲ ਵੀ ਜੋਡ਼ਦੇ ਹਨ ਕਿ ਉਨ੍ਹਾਂ ਦੀ ਅਯੁੱਧਿਆ ਵਾਪਸੀ ਤਕ ਔਰਤਾਂ ਉਨ੍ਹਾਂ ਦੇ ਸੁੱਖ-ਸ਼ਾਂਤੀ ਨਾਲ ਵਾਪਸ ਆਉਣ ਦੀ ਕਾਮਨਾ ਨਾਲ ਇਹ ਬਰੋਟੇ ਲਗਾਉਂਦੀਆਂ ਸਨ। ਦਸਵੀਂ ’ਤੇ ਦੁਸਹਿਰੇ ਵਾਲੇ ਦਿਨ ਸਵੇਰੇ ਹੀ ਇਨ੍ਹਾਂ ਬਰੋਟੇ ਤੇ ਸਾਂਝੀਆਂ ਦੀਆਂ ਅਕ੍ਰਿਤੀਆਂ ਨੂੰ ਕੰਧਾਂ ਤੋਂ ਉਤਾਰ ਦਿੱਤਾ ਜਾਂਦਾ ਹੈ ਤੇ ਕੁਡ਼ੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹੋਈਆਂ ਵਗਦੇ ਹੋਏ ਪਾਣੀ ’ਚ ਉਤਾਰ ਆਉਂਦੀਆਂ ਹਨ।
ਮਾਛੀਵਾਡ਼ਾ ਦੇ ਪ੍ਰਸਿੱਧ ਜੋਤਿਸ਼ੀ ਤੇ ਵਿਦਵਾਨ ਪੰਡਿਤ ਅਨੁਜ ਸ਼ਰਮਾ ਨੇ ਦੱਸਿਆ ਕਿ ਇਹ ਰਿਵਾਜ਼ ਪਿੱਤਰਾਂ ਨਾਲ ਸਬੰਧ ਰੱਖਦਾ ਹੈ। ਸਰਾਧਾਂ ਤੋਂ ਬਾਅਦ ਲੋਕ ਆਪਣੇ ਪਿੱਤਰਾਂ ਦੀ ਖੁਸ਼ੀ ਲਈ ਚੰਦ, ਸੂਰਜ ਤੇ ਤਾਰਿਆਂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਪ੍ਰਣ ਕਰਦੇ ਸਨ ਕਿ ਉਨ੍ਹਾਂ ਨੇ ਆਪਣੇ ਪਿੱਤਰਾਂ ਦੀ ਸਰਾਧਾਂ ’ਚ ਪੂਰੀ ਸੇਵਾ ਕੀਤੀ ਹੈ ਤੇ ਅੱਗੇ ਤੋਂ ਵੀ ਕਰਦੇ ਰਹਿਣਗੇ ਤਾਂ ਕਿ ਉਨ੍ਹਾਂ ਦੇ ਪਿੱਤਰ ਪਰਿਵਾਰਾਂ ’ਤੇ ਮਿਹਰ ਭਰੀ ਨਜ਼ਰ ਰੱਖਣ।
ਇਹਨਾਂ ਰੀਤੀ-ਰਿਵਾਜ਼ਾਂ ਨਾਲ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ ਪਰ ਇਹ ਸਾਂਝੀਵਾਲਤਾ ਦਾ ਪ੍ਰਤੀਕ ਜ਼ਰੂਰ ਸਨ। ਅੱਸੂ ਦੇ ਨਰਾਤਿਆਂ ਦੇ ਦਿਨਾਂ ’ਚ ਜਦੋਂ ਮੌਸਮ ’ਚ ਮਿੱਠੀ-ਮਿੱਠੀ ਠੰਢਕ ਆ ਜਾਂਦੀ ਹੈ ਤਾਂ ਉਸ ਰੁੱਤ ’ਚ ਸ਼ਾਮ ਨੂੰ ਲੋਕਾਂ ਦੇ ਘਰਾਂ ’ਚ ਇਕੱਠੀਆਂ ਕੁਡ਼ੀਆਂ ਦੇ ਗੀਤ ਗਾਉਣ ਦੀਆਂ ਆਵਾਜ਼ਾਂ ਫਿਜ਼ਾ ਨੂੰ ਜ਼ਰੂਰ ਮਹਿਕਣ ਤੇ ਟਹਿਕਣ ਲਗਾ ਦਿੰਦੀਆਂ ਸਨ।