ਅੱਚਲ ਵਟਾਲੇ ਦਾ ਮੇਲਾ ਕਈ ਸਦੀਆਂ ਤੋਂ ਲਗਾਤਾਰ ਲੱਗ ਰਿਹਾ ਹੈ। ਇਸ ਮੇਲੇ ਦੇ ਵੱਖ-ਵੱਖ ਰੰਗਾਂ ਦਾ ਵਰਨਣ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਹੋਏ ਪ੍ਰਸਿੱਧ ਇਤਿਹਾਸਕਾਰ ਅਤੇ ਬਟਾਲਾ ਦੇ ਵਸਨੀਕ ਸੁਜਾਨ ਰਾਏ ਭੰਡਾਰੀ ਨੇ ਆਪਣੀ ਫਾਰਸੀ ਵਿੱਚ ਲਿਖੀ ਕਿਤਾਬ ‘ਖੁਲਾਸਤੁਤ ਤਵਾਰੀਖ’ ਵਿੱਚ ਬਹੁਤ ਖੂਬਸੂਰਤੀ ਨਾਲ ਕੀਤਾ ਹੈ।
ਸੁਖਦੇਵ ਸਿੰਘ, ਬਟਾਲਾ : ਬਟਾਲਾ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਵਿੱਤਰ ਅਸਥਾਨ ਸ੍ਰੀ ਅਚਲੇਸ਼ਵਰ ਧਾਮ ਅੱਚਲ ਸਾਹਿਬ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ।ਸ੍ਰੀ ਅਚਲੇਸ਼ਵਰ ਧਾਮ ਚ ਭਗਵਾਨ ਸ਼ਿਵ ਜੀ ਮਹਾਰਾਜ ਦੇ ਸਪੁੱਤਰ ਸਵਾਮੀ ਕਾਰਤਿਕ ਜੀ ਦਾ ਪ੍ਰਾਚੀਨ ਇਤਿਹਾਸਕ ਮੰਦਰ ਸੁਸ਼ੋਭਿਤ ਹੈ, ਉੱਥੇ ਨਾਲ ਹੀ ਸ਼ਿਵਰਾਤਰੀ ਦੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟ ਕਰ ਕੇ ਉਨ੍ਹਾਂ ਨੂੰ ਸੱਚ ਦਾ ਰਾਹ ਦਿਖਾਇਆ ਸੀ ਉੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਯਾਦ ਚ ਸੁੰਦਰ ਗੁਰਦੁਆਰਾ ਅੱਚਲ ਸਾਹਿਬ ਬਣਿਆ ਹੋਇਆ ਹੈ ।ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਇਹ ਪਾਵਨ ਅਸਥਾਨ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇ ਰਹੇ ਹਨ । ਹਰ ਸਾਲ ਦੀਵਾਲੀ ਤੋਂ 9 ਦਿਨ ਬਾਅਦ ਕੱਤਕ ਦੇ ਮਹੀਨੇ ਨੌਵੀਂ ਦਸਵੀਂ ਤੇ ਭਾਰੀ ਜੋੜ ਮੇਲਾ ਲੱਗਦਾ ਹੈ ।
ਅੱਚਲ ਵਟਾਲੇ ਦਾ ਮੇਲਾ ਕਈ ਸਦੀਆਂ ਤੋਂ ਲਗਾਤਾਰ ਲੱਗ ਰਿਹਾ ਹੈ। ਇਸ ਮੇਲੇ ਦੇ ਵੱਖ-ਵੱਖ ਰੰਗਾਂ ਦਾ ਵਰਨਣ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਹੋਏ ਪ੍ਰਸਿੱਧ ਇਤਿਹਾਸਕਾਰ ਅਤੇ ਬਟਾਲਾ ਦੇ ਵਸਨੀਕ ਸੁਜਾਨ ਰਾਏ ਭੰਡਾਰੀ ਨੇ ਆਪਣੀ ਫਾਰਸੀ ਵਿੱਚ ਲਿਖੀ ਕਿਤਾਬ ‘ਖੁਲਾਸਤੁਤ ਤਵਾਰੀਖ’ ਵਿੱਚ ਬਹੁਤ ਖੂਬਸੂਰਤੀ ਨਾਲ ਕੀਤਾ ਹੈ। ਸੁਜਾਨ ਰਾਏ ਭੰਡਾਰੀ ਬਟਾਲੇ ਦੇ ਹੋਣ ਕਾਰਨ ਖੁਦ ਵੀ ਅੱਚਲ ਦੇ ਮੇਲੇ ਵਿੱਚ ਜਾਂਦੇ ਰਹੇ ਸਨ ਅਤੇ ਉਨ੍ਹਾਂ ਨੇ ਜੋ ਅੱਚਲ ਦੇ ਮੇਲੇ ਸਬੰਧੀ ਆਪਣਾ ਬਿਆਨ ਦਰਜ ਕੀਤਾ ਹੈ ਉਹ ਹੂ-ਬ-ਹੂ ਹੇਠਾਂ ਦਿੱਤਾ ਜਾ ਰਿਹਾ ਹੈ। “ਬਟਾਲੇ ਤੋਂ ਦੋ ਕੋਹ ਦੂਰ ਅਚਲ ਨਾਉਂ ਦਾ ਇੱਕ ਪੁਰਾਣਾ ਅਸਥਾਨ ਭਗਵਾਨ ਮਹਾਦੇਵ ਦੇ ਸਪੁੱਤਰ ਸੁਆਮੀ ਕਾਰਤਿਕ ਨਾਲ ਸਬੰਧਤ ਹੈ। ਇਥੋਂ ਦੇ ਤਲਾਉ ਦੇ ਪਾਣੀ ਨੂੰ ਮਿਠਾਸ ਅਤੇ ਸੁਆਦ ਵਿੱਚ ਕੌਸਰ (ਸੁਰਗ ਦੀ ਇੱਕ ਨਹਿਰ ਦਾ ਨਾਉਂ) ਦੇ ਬਰਾਬਰ ਸਮਝੋ। ਅਕਤੂਬਰ ਦੇ ਅਰੰਭ ਵਿੱਚ ਜਦ ਕਿ ਦਿਨ ਤੇ ਰਾਤ ਬਰਾਬਰ ਅਤੇ ਰੁੱਤ ਸਮਾਨ ਹੁੰਦੀ ਹੈ, ਹਜ਼ਾਰਾਂ ਜੋਗੀ, ਤਪੱਸਵੀ, ਸਾਧੂ ਇਥੇ ਆਉਂਦੇ ਹਨ।
ਸੁੰਦਰ ਅਸਥਾਨ ਸ਼੍ਰੀ ਅਚਲੇਸ਼ਵਰ ਧਾਮ ਮੰਦਿਰ
ਭਗਵਾਨ ਸ਼ਿਵ ਜੀ ਦੇ ਸਪੁੱਤਰ ਸਵਾਮੀ ਕਾਰਤਿਕ ਜੀ ਦੀ ਤਪੋ ਭੂਮੀ ਸ੍ਰੀ ਅਚਲੇਸ਼ਵਰ ਧਾਮ ਮੰਦਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਪੂਜਣਯੋਗ ਸਥਾਨ ਹੈ ।ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਅਨੁਸਾਰ ਭਗਵਾਨ ਸ਼ਿਵ ਜੀ ਮਹਾਰਾਜ ਨੇ ਜਦ ਆਪਣਾ ਉਤਰਾਧਿਕਾਰੀ ਚੁਣਨਾ ਸੀ ,ਤਾਂ ਉਨ੍ਹਾਂ ਨੇ ਮਾਤਾ ਪਾਰਵਤੀ ਜੀ ਨਾਲ ਵਿਚਾਰ ਕਰਨ ਉਪਰੰਤ ਆਪਣੇ ਦੋਹਾਂ ਪੁੱਤਰਾਂ ਸਵਾਮੀ ਕਾਰਤਿਕ ਜੀ ਅਤੇ ਸ੍ਰੀ ਗਣੇਸ਼ ਜੀ ਦੀ ਬੁੱਧੀ ਪ੍ਰੀਖਣ ਕਰਨ ਦਾ ਫ਼ੈਸਲਾ ਲਿਆ। ਭਗਵਾਨ ਸ਼ਿਵ ਸ਼ੰਕਰ ਜੀ ਅਤੇ ਮਾਤਾ ਪਾਰਵਤੀ ਜੀ ਨੇ ਦੋਹਾਂ ਪੁੱਤਰਾਂ ਸ੍ਰੀ ਕਾਰਤਿਕ ਜੀ ਅਤੇ ਸ੍ਰੀ ਗਣੇਸ਼ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਜੋ ਤੁਹਾਡੇ ਦੋਹਾਂ ਚ ਪਹਿਲਾਂ ਸ੍ਰਿਸ਼ਟੀ ਦਾ ਚੱਕਰ ਲਗਾਏਗਾ, ਉਹ ਉਸ ਨੂੰ ਆਪਣਾ ਉਤਰਾਧਿਕਾਰੀ ਚੁਣਨਗੇ । ਪਿਤਾ ਭਗਵਾਨ ਸ਼ਿਵ ਸ਼ੰਕਰ ਜੀ ਦਾ ਹੁਕਮ ਸੁਣ ਕੇ ਸਵਾਮੀ ਕਾਰਤਿਕ ਜੀ ਮੋਰ ਦਾ ਸਵਾਰਾ ਕਰਕੇ ਸ੍ਰਿਸ਼ਟੀ ਦਾ ਚੱਕਰ ਲਗਾਉਣ ਤੁਰ ਪਏ। ਇਸੇ ਤਰ੍ਹਾਂ ਹੀ ਸ੍ਰੀ ਗਣੇਸ਼ ਜੀ ਵੀ ਸ੍ਰਿਸ਼ਟੀ ਦਾ ਚੱਕਰ ਲਗਾਉਣ ਲਈ ਤੁਰਨ ਲੱਗੇ ਸਨ, ਕਿ ਸ੍ਰੀ ਨਾਰਦ ਮੁਨੀ ਜੀ ਸ਼੍ਰੀ ਗਣੇਸ਼ ਜੀ ਨੂੰ ਮਿਲ ਪਏ ਅਤੇ ਉਨ੍ਹਾਂ ਨੇ ਸ੍ਰੀ ਗਣੇਸ਼ ਜੀ ਨੂੰ ਪੁੱਛਿਆ ਕਿ ਕਿੱਥੇ ਜਾ ਰਹੇ ਹੋ ,ਤਾਂ ਸ੍ਰੀ ਗਣੇਸ਼ ਜੀ ਨੇ ਦੱਸਿਆ ਕਿ ਪਿਤਾ ਜੀ ਦਾ ਹੁਕਮ ਮੰਨ ਕੇ ਉਹ ਸ੍ਰਿਸ਼ਟੀ ਦਾ ਚੱਕਰ ਲਗਾਉਣ ਜਾ ਰਹੇ ਹਨ ।ਮਿਥਿਹਾਸ ਅਨੁਸਾਰ ਸ਼੍ਰੀ ਨਾਰਦ ਮੁਨੀ ਜੀ ਨੇ ਗਣੇਸ਼ ਜੀ ਨੂੰ ਕਿਹਾ ਕਿ ਤੁਸੀਂ ਭੋਲੇ ਹੋ ਸ੍ਰਿਸ਼ਟੀ, ਖੰਡਾਂ, ਬ੍ਰਹਿਮੰਡਾਂ ਦੇ ਮਾਲਕ ਭਗਵਾਨ ਸ਼ਿਵ ਜੀ ਮਹਾਰਾਜ ਆਪ ਹਨ ਤਾਂ ਫਿਰ ਸ੍ਰਿਸ਼ਟੀ ਦਾ ਚੱਕਰ ਲਗਾਉਣ ਦਾ ਕੀ ਫ਼ਾਇਦਾ, ਤੁਸੀਂ ਸੱਤ ਵਾਰ ਭਗਵਾਨ ਸ਼ਿਵਜੀ ਮਹਾਰਾਜ ਦੀ ਪਰਕਰਮਾ ਕਰੋ ਸ੍ਰਿਸ਼ਟੀ ਦਾ ਚੱਕਰ ਲੱਗ ਜਾਵੇਗਾ। ਇਹ ਸੁਣ ਕੇ ਸ੍ਰੀ ਗਣੇਸ਼ ਜੀ ਨੇ ਸ੍ਰੀ ਸ਼ਿਵ ਜੀ ਮਹਾਰਾਜ ਜੀ ਅਤੇ ਪਾਰਵਤੀ ਜੀ ਦੀ ਸੱਤ ਵਾਰ ਪਰਿਕਰਮਾ ਕਰਨ ਉਪਰੰਤ ਪਿਤਾ ਸ੍ਰੀ ਭੋਲੇ ਸ਼ੰਕਰ ਜੀ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ ।ਭੋਲੇ ਸ਼ੰਕਰ ਮਹਾਰਾਜ ਜੀ ਨੇ ਗਣੇਸ਼ ਜੀ ਨੂੰ ਕਿਹਾ ਤੁਸੀਂ ਤਾਂ ਸ੍ਰਿਸ਼ਟੀ ਦਾ ਚੱਕਰ ਲਗਾਉਣ ਜਾ ਰਹੇ ਸੀ, ਤਾਂ ਸ੍ਰੀ ਗਣੇਸ਼ ਜੀ ਨੇ ਕਿਹਾ ਕਿ ਪਿਤਾ ਪਰਮੇਸ਼ਵਰ ਆਪ ਜੀ ਹੀ ਸ੍ਰਿਸ਼ਟੀ ਦੇ ਰਚਣਹਾਰ ਅਤੇ ਮਾਲਕ ਹੋ ਤਾਂ ਫਿਰ ਮੈਨੂੰ ਸ੍ਰਿਸ਼ਟੀ ਦਾ ਚੱਕਰ ਲਗਾਉਣ ਦੀ ਕੀ ਲੋੜ ਹੈ। ਇਹ ਸੁਣ ਕੇ ਭਗਵਾਨ ਸ੍ਰੀ ਸ਼ਿਵ ਮਹਾਰਾਜ ਜੀ ਅਤੇ ਮਾਤਾ ਪਾਰਵਤੀ ਜੀ ਖ਼ੁਸ਼ ਹੋ ਗਏ ਤੇ ਉਨ੍ਹਾਂ ਨੇ ਆਪਣਾ ਉੱਤਰਾ ਅਧਿਕਾਰੀ ਸ੍ਰੀ ਗਣੇਸ਼ ਜੀ ਨੂੰ ਐਲਾਨ ਦਿੱਤਾ। ਉਧਰ ਜਦ ਇਸ ਬਾਰੇ ਸਵਾਮੀ ਕਾਰਤਿਕ ਜੀ ਨੂੰ ਪਤਾ ਲੱਗਾ ਤਾਂ ਉਹ ਨਾਰਾਜ਼ ਹੋ ਗਏ ਅਤੇ ਸੰਸਾਰ ਤੇ ਆ ਗਏ ਅਤੇ ਉਨ੍ਹਾਂ ਨੇ ਸ੍ਰੀ ਅਚਲੇਸ਼ਵਰ ਧਾਮ ਵਿਖੇ ਤਪ ਕਰਨਾ ਸ਼ੁਰੂ ਕਰ ਦਿੱਤਾ । ਭਗਵਾਨ ਸ਼ਿਵ ਸ਼ੰਕਰ ਜੀ ਨੂੰ ਜਦ ਸ੍ਰੀ ਕਾਰਤਿਕ ਜੀ ਦੇ ਵਰਤਾਰੇ ਦਾ ਪਤਾ ਲੱਗਾ ਤਾਂ ਉਹ ਵੀ ਮਾਤ ਲੋਕ ਤੇ ਆਏ ਅਤੇ ਉਨ੍ਹਾਂ ਨੇ ਇਸ ਅਸਥਾਨ ਤੇ ਸਵਾਮੀ ਕਾਰਤਿਕ ਜੀ ਨੂੰ ਬੇਅੰਤ ਬਖਸ਼ਿਸ਼ਾਂ ਕੀਤੀਆਂ ।ਮਿਥਿਹਾਸ ਅਨੁਸਾਰ ਦੀਵਾਲੀ ਤੋਂ ਨੌਵੇਂ ਦਿਨ ਬਾਅਦ ਇਸ ਅਸਥਾਨ ਤੇ ਗੰਗਾ ਜੀ ਦਾ ਵੀ ਛਲਾਵਾ ਆਉਂਦਾ ਹੈ ।ਸਵਾਮੀ ਕਾਰਤਿਕ ਜੀ ਦੀ ਤਪੋ ਭੂਮੀ ਸ਼੍ਰੀ ਅਚਲੇਸ਼ਵਰ ਧਾਮ ਹਿੰਦੂ ਧਰਮ ਪਵਿੱਤਰ ਅਸਥਾਨ ਹੈ, ਉੱਥੇ ਨਾਲ ਹੀ ਸਿੱਧ ਗੋਸ਼ਟ ਅਸਥਾਨ ਗੁਰਦੁਆਰਾ ਅੱਚਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੁਸ਼ੋਭਿਤ ਹੋਣ ਕਾਰਨ ਸਾਂਝੀਵਾਲਤਾ ਦਾ ਪ੍ਰਤੀਕ ਦਾ ਸੁਨੇਹਾ ਦੇ ਰਹੇ ਹਨ ।
ਗੁਰਦੁਆਰਾ ਅੱਚਲ ਸਾਹਿਬ .....
ਇਤਿਹਾਸ ਅਨੁਸਾਰ ਸ਼ਿਵਰਾਤਰੀ ਦੇ ਮੌਕੇ ਸਵਾਮੀ ਕਾਰਤਿਕ ਜੀ ਦੇ ਪ੍ਰਾਚੀਨ ਇਤਿਹਾਸਕ ਮੰਦਰ ਵਿਖੇ ਰਿਸ਼ੀ ਮੁਨੀ ਵੱਡੀ ਗਿਣਤੀ ਚ ਆਉਂਦੇ ਸਨ ।
ਮੇਲਾ ਸੁਣ ਸ਼ਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ।। ਦਰਸ਼ਨ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ।।
( ਭਾਈ ਗੁਰਦਾਸ ਜੀ )
ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਚਲ ਬਟਾਲੇ ਫੱਗਣ ਸੰਮਤ 1583 (ਮਾਰਚ 1526) ਨੂੰ ਸ਼ਿਵਰਾਤਰੀ ਦੇ ਮੇਲੇ ਤੇ ਆਏ ਅਤੇ ਜੋਗੀਆਂ ਦੇ ਗੁਰੂ ਭੰਗਰਨਾਥ ਨਾਲ ਸਿੱਧ ਗੋਸ਼ਟ ਦੀ ਚਰਚਾ ਕੀਤੀ ।ਇਸ ਮੇਲੇ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਚ 1, ਪਉੜੀ39 ਵਿੱਚ ਦਿੰਦੇ ਹਨ। ਜੋਗੀਆਂ ਦੇ ਗੁਰੂ ਭੰਗਰ ਨਾਥ ਨਾਲ ਜੋ ਵਾਰਤਾਲਾਪ ਹੋਈ ਉਸ ਦਾ ਹਵਾਲਾ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਦਿੱਤਾ ਹੈ।ਜੋਗੀ ਭੰਗਰ ਨਾਥ ਨੇ ਗੁਰੂ ਜੀ ਨੂੰ ਪੁੱਛਿਆ..
ਭੇਖ ਉਤਾਰਿ ਉਦਾਸਿ ਦਾ ਵਤ ਕਿਉਂ ਸੰਸਾਰੀ ਰੀਤਿ ਚਲਾਈ ।।
ਤਾਂ ਜਗਤ ਬਾਬਾ ਨਾਨਕ ਜੀ ਨੇ ਅੱਗੋਂ ਉੱਤਰ ਦਿੱਤਾ ...
ਹੋਇ ਅਤੀਤ ਗ੍ਰਿਹਸਤਿ ਤਜਿ ਫਿਰਿ ਉਨਹੂ ਕੇ ਘਰ ਮੰਗਣ ਜਾਈ ।।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਵਾਬ ਸੁਣ ਕੇ ਜੋਗੀ ਭੰਗਰ ਨਾਥ ਦੀ ਤਸੱਲੀ ਹੋ ਗਈ ਅਤੇ ਉਹ ਗੁਰੂ ਜੀ ਦੇ ਚਰਨਾਂ ਚ ਡਿੱਗ ਪਿਆ। ਇਸ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗਿਆਨ ਪ੍ਰਾਪਤ ਕਰ ਕੇ ਜੋਗੀ ਭੰਗਰ ਨਾਥ ਨੂੰ ਅੰਦਰਲਾ ਗਿਆਨ ਹੋ ਗਿਆ ।ਸਿੱਧ ਗੋਸ਼ਟ ਕਿਸਾਨ ਅਤੇ ਸ੍ਰੀ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਇਸ ਪਾਵਨ ਅਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ।ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਦਾਤਣ ਵੀ ਕੀਤੀ ਹੈ , ਜਿਸ ਤੋਂ ਬੇਰੀ ਦਾ ਦਰੱਖਤ ਬਣ ਗਿਆ ਹੈ ਜੋ ਅੱਜ ਵੀ ਹਰਿਆ ਭਰਿਆ ਠੰਢੀ ਮਿੱਠੀ ਛਾਂ ਬਖ਼ਸ਼ ਰਿਹਾ ਹੈ ।ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਅਤੇ ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਵਰੋਸਾਏ ਬਾਬਾ ਮਲਕੀਤ ਸਿੰਘ ਜੀ ਕਾਰ ਸੇਵਾ ਕਰਵਾ ਰਹੇ ਹਨ ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਹੈ ਚਰਨ ਛੋਹ ਪ੍ਰਾਪਤ .....
ਇਸ ਪਾਵਨ ਅਸਥਾਨ ਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੈਸਾਖ 1625 ਈ. ਨੂੰ ਬਟਾਲੇ ਵਿਖੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ, ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ ਆਏ ਸਨ ਅਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਠ ਭੁਜੀ ਖੂਹੀ ਬਣਵਾਈ ਸੀ, ਜੋ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਸਾਹਮਣੇ ਸਥਿਤ ਹੈ ।
ਦੋਹਾਂ ਪਾਵਨ ਅਸਥਾਨਾਂ ਦੇ ਦਰਸ਼ਨਾਂ ਲਈ ਹਰ ਸਾਲ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਆਉਂਦੀਆਂ ਹਨ।ਇਸ ਵਾਰ ਵੀ ਨੌਵੀਂ ਦਸਵੀਂ ਦਾ ਮੇਲਾ ਜੋ ਇਸ ਵਾਰ 21-22 ਨਵੰਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ।ਹਿੰਦੂ ਸਿੱਖ ਦੇ ਪਿਆਰ ਅਤੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਸ੍ਰੀ ਅਚਲੇਸ਼ਵਰ ਧਾਮ, ਅੱਚਲ ਸਾਹਿਬ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੈ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਐਲਾਨ ਦੇ ਬਾਵਜੂਦ ਵੀ ਵਿਕਾਸ ਪੱਖੋਂ ਪਛੜਿਆ ਹੋਇਆ ਹੈ ।